Loading date... | Loading Hijri date... | Loading time...

هود

ਪੰਜਾਬੀ Translation with Arabic Quran Text

ਪੰਜਾਬੀ العربية
1 ਅਲਿਫ਼, ਲਾਮ, ਰਾ। ਇਹ ਉਹ ਕਿਤਾਬ ਹੈ ਜਿਸ ਦੀਆਂ ਆਇਤਾਂ ਪੱਕੀਆਂ (ਅਟੱਲ) ਕਰ ਰੱਖੀਆਂ ਹਨ, ਵਿਸਥਾਰ ਨਾਲ ਵਰਣਨ ਕੀਤੀਆਂ ਗਈਆਂ ਹਨ, ਬਹੁਤ ਹੀ ਡੂੰਘੀ ਸਿਆਣਪ ਤੇ ਜਾਣਨਹਾਰ ਹਸਤੀ ਵੱਲੋਂ (ਨਾਜ਼ਿਲ ਹੋਈਆਂ) ਹਨ। الٓر ۚ كِتَٰبٌ أُحْكِمَتْ ءَايَٰتُهُۥ ثُمَّ فُصِّلَتْ مِن لَّدُنْ حَكِيمٍ خَبِيرٍ. ﴿1﴾
2 ਤੁਸੀਂ ਅੱਲਾਹ ਤੋਂ ਛੁੱਟ ਹੋਰ ਕਿਸੇ ਦੀ ਇਬਾਦਤ ਨਾ ਕਰੋ। ਮੈਂ (ਮੁਹੰਮਦ) ਤੁਹਾਡੇ ਲਈ ਉਸੇ (ਹਸਤੀ) ਵੱਲੋਂ ਡਰਾਉਣ ਲਈ ਤੇ ਖ਼ੁਸ਼ਖ਼ਬਰੀ ਦੇਣ ਆਇਆ ਹਾਂ। أَلَّا تَعْبُدُوٓا۟ إِلَّا ٱللَّهَ ۚ إِنَّنِى لَكُم مِّنْهُ نَذِيرٌۭ وَبَشِيرٌۭ. ﴿2﴾
3 ਅਤੇ ਇਹ ਵੀ ਦੱਸਾਂ ਕਿ ਤੁਸੀਂ ਆਪਣੇ ਗੁਨਾਹਾਂ ਦੀ ਬਖ਼ਸ਼ਿਸ਼ ਲਈ ਆਪਣੇ ਰੱਬ ਤੋਂ ਅਰਦਾਸ ਕਰੋ। ਫੇਰ ਉਸੇ ਵੱਲ ਪਰਤ ਆਓ, ਉਹ (ਅੱਲਾਹ) ਤੁਹਾਨੂੰ ਇਕ ਨਿਸ਼ਚਿਤ ਸਮੇਂ ਲਈ ਜੀਵਨ ਸਮੱਗਰੀ ਦੇਵੇਗਾ ਅਤੇ ਹਰ ਵੱਧ (ਨੇਕ) ਅਮਲ ਕਰਨ ਵਾਲੇ ਨੂੰ ਵਧੇਰੇ ਬਦਲਾ ਦੇਵੇਗਾ ਜੇ ਤੁਸੀਂ ਇਸ (ਰੱਬ) ਤੋਂ ਮੂੰਹ ਮੋੜਦੇ ਰਹੇ ਤਾਂ ਮੈਂ ਤੁਹਾਡੇ ਬਾਰੇ ਇਕ ਵੱਡੇ ਦਿਨ (ਕਿਆਮਤ) ਦੇ ਅਜ਼ਾਬ ਤੋਂ ਡਰਦਾ ਹਾਂ। وَأَنِ ٱسْتَغْفِرُوا۟ رَبَّكُمْ ثُمَّ تُوبُوٓا۟ إِلَيْهِ يُمَتِّعْكُم مَّتَٰعًا حَسَنًا إِلَىٰٓ أَجَلٍۢ مُّسَمًّۭى وَيُؤْتِ كُلَّ ذِى فَضْلٍۢ فَضْلَهُۥ ۖ وَإِن تَوَلَّوْا۟ فَإِنِّىٓ أَخَافُ عَلَيْكُمْ عَذَابَ يَوْمٍۢ كَبِيرٍ. ﴿3﴾
4 ਤੁਸੀਂ ਸਾਰਿਆਂ ਨੇ ਮੁੜ ਅੱਲਾਹ ਕੋਲ ਹੀ ਜਾਣਾ ਹੈ ਅਤੇ ਉਹ ਹਰ ਸ਼ੈਅ ’ਤੇ ਪੂਰੀ ਕੁਦਰਤ ਰੱਖਦਾ ਹੈ। إِلَى ٱللَّهِ مَرْجِعُكُمْ ۖ وَهُوَ عَلَىٰ كُلِّ شَىْءٍۢ قَدِيرٌ. ﴿4﴾
5 ਵੇਖੋ ਇਹ ਲੋਕ ਆਪਣੀਆਂ ਹਿੱਕਾਂ ਨੂੰ ਦੁਹਰਾ ਕਰਦੇ ਹਨ ਤਾਂ ਜੋ ਅੱਲਾਹ ਤੋਂ ਲੁਕ ਜਾਣ। ਯਾਦ ਰੱਖੋ ਕਿ ਜਦੋਂ ਉਹ ਲਿਬਾਸ ਪਾਉਂਦੇ ਹਨ ਉਸ ਸਮੇਂ ਵੀ ਅੱਲਾਹ ਜਾਣਦਾ ਹੈ, ਜੋ ਉਹ ਗੁਪਤ ਰੱਖਦੇ ਹਨ ਅਤੇ ਜ਼ਾਹਿਰ ਕਰਦੇ ਹਨ, ਉਹ ਵੀ ਅੱਲਾਹ ਜਾਣਦਾ ਹੈ। ਬੇਸ਼ੱਕ ਉਹ ਤਾਂ ਦਿਲਾਂ ਦੇ ਭੇਤ ਵੀ ਜਾਣਦਾ ਹੈ। أَلَآ إِنَّهُمْ يَثْنُونَ صُدُورَهُمْ لِيَسْتَخْفُوا۟ مِنْهُ ۚ أَلَا حِينَ يَسْتَغْشُونَ ثِيَابَهُمْ يَعْلَمُ مَا يُسِرُّونَ وَمَا يُعْلِنُونَ ۚ إِنَّهُۥ عَلِيمٌۢ بِذَاتِ ٱلصُّدُورِ. ﴿5﴾
6 ਧਰਤੀ ’ਤੇ ਤੁਰਨ ਫ਼ਿਰਨ ਵਾਲੇ ਹਰ ਜੀਵ ਦੀ ਰੋਜ਼ੀ ਅੱਲਾਹ ਦੇ ਜ਼ਿੰਮੇ ਹੈ ਉਹ ਉਹਨਾਂ ਦੀ ਰਹਿਣ ਦੀ ਥਾਂ ਅਤੇ ਉਹਨਾਂ ਦੇ ਦੱਬਨ (ਭਾਵ ਮਰਨ ਦੀ) ਦੀ ਥਾਂ ਵੀ ਜਾਣਦਾ ਹੈ। ਸਾਰਾ ਕੁੱਝ ਇਕ ਸਪਸ਼ਟ ਕਿਤਾਬ (ਲੌਹੇ-ਮਹਫ਼ੂਜ਼) ਵਿਚ ਦਰਜ ਹੈ। ۞ وَمَا مِن دَآبَّةٍۢ فِى ٱلْأَرْضِ إِلَّا عَلَى ٱللَّهِ رِزْقُهَا وَيَعْلَمُ مُسْتَقَرَّهَا وَمُسْتَوْدَعَهَا ۚ كُلٌّۭ فِى كِتَٰبٍۢ مُّبِينٍۢ. ﴿6﴾
7 ਅੱਲਾਹ ਉਹੀਓ ਹੈ ਜਿਸ ਨੇ ਅਕਾਸ਼ਾਂ ਤੇ ਧਰਤੀ ਨੂੰ ਛੇਹਾਂ ਦਿਨਾਂ ਵਿਚ ਪੈਦਾ ਕੀਤਾ ਅਤੇ (ਉਸ ਸਮੇਂ) ਉਸ ਦਾ ਤਖ਼ਤ ਪਾਣੀ ’ਤੇ ਸੀ [1] ਤਾਂ ਜੋ ਤੁਹਾਨੂੰ ਪਰਖੇ ਕਿ ਤੁਹਾਡੇ ਵਿੱਚੋਂ ਕਿਹੜਾ ਚੰਗੇ ਕੰਮ ਕਰਦਾ ਹੈ। (ਹੇ ਨਬੀ!) ਜੇ ਤੁਸੀਂ ਆਖੋਂ ਕਿ ਤੁਸੀਂ ਮਰਨ ਮਗਰੋਂ ਮੁੜ ਜੀਵਤ ਕੀਤੇ ਜਾਵੋਗੇ ਤਾਂ ਕਾਫ਼ਿਰ ਜ਼ਰੂਰ ਇਹੋ ਜਵਾਬ ਦੇਣਗੇ ਕਿ ਇਹ ਤਾਂ ਸਾਫ਼ ਜਾਦੂਗਰੀ ਹੈ।
[1]॥ ਇਸ ਦੀ ਪੁਸ਼ਟੀ ਹਦੀਸ ਤੋਂ ਵੀ ਹੁੰਦੀ ਹੈ, ਅੱਲਾਹ ਦੇ ਰਸੂਲ ਨੇ ਫਰਮਾਇਆ ਕਿ ਅੱਲਾਹ ਦੇ ਸੱਜਾ ਹੱਥ ਭਰਿਆ ਹੋਇਆ ਹੈ ਦਿਨ ਰਾਤ ਦਾ ਖ਼ਰਚ ਵੀ ਉਸ ਨੂੰ ਹੌਲਾ ਨਹੀਂ ਕਰਦਾ। ਕੀ ਤੁਸੀਂ ਨਹੀਂ ਵੇਖਿਆ ਜਦੋਂ ਤੋਂ ਜ਼ਮੀਨ ਤੇ ਅਸਮਾਨ ਸਾਜੇ ਹਨ ਉਸ ਇਸ ਵਿੱਚੋਂ ਕਿੰਨਾ ਖ਼ਰਚ ਕਰ ਚੁੱਕਿਆ ਹੈ। ਪਰ ਜੋ ਕੁਝ ਉਸ ਦੇ ਹੱਥ ਵਿਚ ਹੈ ਉਸ ਵਿਚ ਵੀ ਕੋਈ ਕਮੀ ਨਹੀਂ ਹੋਈ ਅਤੇ ਉਸ ਦਾ ਅਰਸ਼ ਪਾਣੀ ਉੱਤੇ ਥਾ ਅਤੇ ਉਸ ਦੇ ਦੂਜੇ ਹਥ ਵਿਚ ਵੀ ਬਖ਼ਸ਼ਿਸ਼ਾਂ ਜਾਂ ਜਾਨਾ ਦਾ ਕੱਢਣਾ ਹੈ ਅਤੇ ਉਹ ਕੁਝ ਲੋਕਾਂ ਨੂੰ ਵਡਿਆਈ ਦਿੰਦਾ ਹੈ ਅਤੇ ਕੁਝ ਨੂੰ ਹੀਣਾ ਕਰਦਾ ਹੈ। (ਸਹੀ ਬੁਖ਼ਾਰੀ, ਹਦੀਸ: 7419)
وَهُوَ ٱلَّذِى خَلَقَ ٱلسَّمَٰوَٰتِ وَٱلْأَرْضَ فِى سِتَّةِ أَيَّامٍۢ وَكَانَ عَرْشُهُۥ عَلَى ٱلْمَآءِ لِيَبْلُوَكُمْ أَيُّكُمْ أَحْسَنُ عَمَلًۭا ۗ وَلَئِن قُلْتَ إِنَّكُم مَّبْعُوثُونَ مِنۢ بَعْدِ ٱلْمَوْتِ لَيَقُولَنَّ ٱلَّذِينَ كَفَرُوٓا۟ إِنْ هَٰذَآ إِلَّا سِحْرٌۭ مُّبِينٌۭ. ﴿7﴾
8 ਜੇ ਅਸੀਂ ਇਹਨਾਂ (ਕਾਫ਼ਿਰਾਂ) ਤੋਂ ਅਜ਼ਾਬ ਨੂੰ ਇਕ ਵਿਸ਼ੇਸ਼ ਮੁੱਦਤ ਤਕ ਲਈ ਟਾਲ ਦੱਈਏ ਤਾਂ ਇਹ (ਕਾਫ਼ਿਰ) ਜ਼ਰੂਰ ਆਖਦੇ ਕਿ ਅਜ਼ਾਬ ਨੂੰ ਕਿਹੜੀ ਚੀਜ਼ ਨੇ ਰੋਕਿਆ ਹੋਇਆ ਹੈ। ਸੁਣੋ ਜਿਸ ਦਿਨ ਉਹ (ਅਜ਼ਾਬ) ਇਹਨਾਂ ਕੋਲ ਆਵੇਗਾ ਫੇਰ ਇਹਨਾਂ ਤੋਂ ਟਲੇਗਾ ਨਹੀਂ, ਜਿਸ ਦਾ ਇਹ ਮਖੌਲ ਕਰਿਆ ਕਰਦੇ ਸੀ ਉਹੀਓ ਇਹਨਾਂ ਨੂੰ ਘੇਰ ਲਵੇਗਾ। وَلَئِنْ أَخَّرْنَا عَنْهُمُ ٱلْعَذَابَ إِلَىٰٓ أُمَّةٍۢ مَّعْدُودَةٍۢ لَّيَقُولُنَّ مَا يَحْبِسُهُۥٓ ۗ أَلَا يَوْمَ يَأْتِيهِمْ لَيْسَ مَصْرُوفًا عَنْهُمْ وَحَاقَ بِهِم مَّا كَانُوا۟ بِهِۦ يَسْتَهْزِءُونَ. ﴿8﴾
9 ਜੇ ਅਸੀਂ ਮਨੁੱਖ ਨੂੰ ਆਪਣੀ ਕਿਸੇ ਨਿਅਮਤ ਤੋਂ ਨਿਵਾਜ਼ਦੇ ਹਾਂ ਫੇਰ ਮਗਰੋਂ ਉਸ ਨਿਅਮਤ ਤੋਂ ਵਾਂਝਿਆਂ ਕਰ ਦਈਏ ਤਾਂ ਉਹ (ਮਨੁੱਖ) ਬਹੁਤ ਹੀ ਨਿਰਾਸ਼ ਅਤੇ ਬਹੁਤ ਹੀ ਨਾਸ਼ੁਕਰਾ ਬਣ ਜਾਂਦਾ ਹੈ। وَلَئِنْ أَذَقْنَا ٱلْإِنسَٰنَ مِنَّا رَحْمَةًۭ ثُمَّ نَزَعْنَٰهَا مِنْهُ إِنَّهُۥ لَيَـُٔوسٌۭ كَفُورٌۭ. ﴿9﴾
10 ਜੇ ਅਸੀਂ (ਅੱਲਾਹ) ਉਸ ਨੂੰ ਬਿਪਤਾ ਦੇਣ ਮਗਰੋਂ ਆਪਣੀਆਂ ਨਿਅਮਤਾਂ ਦਾ ਸੁਆਦ ਚਖਾਉਂਦੇ ਹਾਂ ਤਾਂ ਉਹ ਆਖਣ ਲੱਗਦਾ ਹੈ ਕਿ ਹੁਣ ਮੇਰੀਆਂ ਪਰੇਸ਼ਾਨੀਆਂ ਦੂਰ ਹੋ ਗਈਆਂ। ਬੇਸ਼ੱਕ ਉਹ (ਉਸ ਸਮੇਂ) ਸ਼ੇਖੀਆਂ ਮਾਰਨ ਲੱਗ ਜਾਂਦਾ ਹੈ ਤੇ ਘਮੰਡ ਵੀ ਕਰਦਾ ਹੈ। وَلَئِنْ أَذَقْنَٰهُ نَعْمَآءَ بَعْدَ ضَرَّآءَ مَسَّتْهُ لَيَقُولَنَّ ذَهَبَ ٱلسَّيِّـَٔاتُ عَنِّىٓ ۚ إِنَّهُۥ لَفَرِحٌۭ فَخُورٌ. ﴿10﴾
11 ਪਰ ਜਿਹੜੇ ਲੋਕ ਧੀਰਜ ਰੱਖਦੇ ਹਨ ਅਤੇ ਨੇਕ ਕੰਮ ਕਰਦੇ ਹਨ ਉਹਨਾਂ ਲਈ ਹੀ ਬਖ਼ਸ਼ਿਸ਼ ਹੈ ਅਤੇ ਬਹੁਤ ਹੀ ਵੱਡਾ ਬਦਲਾ ਵੀ ਹੈ। إِلَّا ٱلَّذِينَ صَبَرُوا۟ وَعَمِلُوا۟ ٱلصَّٰلِحَٰتِ أُو۟لَٰٓئِكَ لَهُم مَّغْفِرَةٌۭ وَأَجْرٌۭ كَبِيرٌۭ. ﴿11﴾
12 (ਹੇ ਮੁਹੰਮਦ ਸ:!) ਹੋ ਸਕਦਾ ਹੈ ਕਿ ਤੁਸੀਂ ਇਸ ਵਹੀ ਦੇ ਕੁੱਝ ਭਾਗ ਨੂੰ ਜਿਹੜੀ ਤੁਹਾਡੇ ਵੱਲ ਨਾਜ਼ਿਲ ਕੀਤੀ ਗਈ ਹੈ (ਵਰਣਨ ਕਰਨ ਤੋਂ) ਛੱਡ ਦਿਓ। ਤੁਹਾਡਾ ਦਿਲ ਤੰਗੀ ਮਹਿਸੂਸ ਕਰ ਰਿਹਾ ਹੋਵੇ। ਕਿ ਇਹ ਕਾਫ਼ਿਰ ਆਖਣਗੇ ਕਿ ਤੁਹਾਡੇ ’ਤੇ ਕੋਈ ਖ਼ਜ਼ਾਨਾ ਕਿਉਂ ਨਹੀਂ ਉਤਰਿਆ ਗਿਆ ਜਾਂ ਇਹਨਾਂ (ਮੁਹੰਮਦ ਸ:) ਦੇ ਸੰਗ ਕੋਈ ਫ਼ਰਿਸ਼ਤਾ ਕਿਉਂ ਨਹੀਂ ਆਇਆ (ਹੇ ਨਬੀ!) ਸੁਣ ਲਵੋ ਕਿ ਤੁਸੀਂ ਤਾਂ ਕੇਵਲ (ਅੱਲਾਹ ਦੇ ਅਜ਼ਾਬ ਤੋਂ) ਡਰਾਉਣ ਵਾਲੇ ਹੋ ਅੱਲਾਹ ਹਰ ਚੀਜ਼ ਦੀ ਨਿਗਰਾਨੀ ਕਰ ਰਿਹਾ ਹੈ। فَلَعَلَّكَ تَارِكٌۢ بَعْضَ مَا يُوحَىٰٓ إِلَيْكَ وَضَآئِقٌۢ بِهِۦ صَدْرُكَ أَن يَقُولُوا۟ لَوْلَآ أُنزِلَ عَلَيْهِ كَنزٌ أَوْ جَآءَ مَعَهُۥ مَلَكٌ ۚ إِنَّمَآ أَنتَ نَذِيرٌۭ ۚ وَٱللَّهُ عَلَىٰ كُلِّ شَىْءٍۢ وَكِيلٌ. ﴿12﴾
13 ਕੀ ਉਹ (ਕਾਫ਼ਿਰ) ਆਖਦੇ ਹਨ ਕਿ ਇਸ ਨੇ ਇਹ .ਕੁਰਆਨ ਆਪ ਹੀ ਘੜ੍ਹ ਲਿਆ ਹੈ ? (ਹੇ ਨਬੀ! ਕਾਫ਼ਿਰਾਂ ਨੂੰ) ਆਖ ਦਿਓ ਕਿ ਫੇਰ ਤੁਸੀਂ ਵੀ ਇਹਨਾਂ ਵਰਗੀਆਂ ਦੱਸ ਆਇਤਾਂ ਘੜ ਵਿਖਾਓ ਅਤੇ ਛੁੱਟ ਅੱਲਾਹ ਤੋਂ (ਆਪਣੀ ਮਦਦ ਲਈ) ਜਿਸ ਨੂੰ ਬੁਲਾ ਸਕਦੇ ਹੋ ਬੁਲਾ ਲਵੋ, ਜੇ ਤੁਸੀਂ ਆਪਣੀ ਗੱਲ ਵਿਚ ਸੱਚੇ ਹੋ। أَمْ يَقُولُونَ ٱفْتَرَىٰهُ ۖ قُلْ فَأْتُوا۟ بِعَشْرِ سُوَرٍۢ مِّثْلِهِۦ مُفْتَرَيَٰتٍۢ وَٱدْعُوا۟ مَنِ ٱسْتَطَعْتُم مِّن دُونِ ٱللَّهِ إِن كُنتُمْ صَٰدِقِينَ. ﴿13﴾
14 ਫੇਰ ਜੇ ਉਹ ਕਾਫ਼ਿਰ ਤੁਹਾਨੂੰ ਕੋਈ ਜਵਾਬ ਨਾ ਦੇਣ ਤਾਂ ਜਾਣ ਲਓ ਕਿ ਇਹ (.ਕੁਰਆਨ) ਅੱਲਾਹ ਦੇ ਗਿਆਨ ਅਨੁਸਾਰ ਹੀ ਉਤਾਰਿਆ ਗਿਆ ਹੈ ਅਤੇ ਅੱਲਾਹ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ। (ਹੇ ਲੋਕੋ!) ਕੀ ਤੁਸੀਂ (ਇਹ ਸਭ ਜਾਣਨ ਤੋਂ ਬਾਅਦ) ਮੁਸਲਮਾਨ ਬਣਦੇ ਹੋ? فَإِلَّمْ يَسْتَجِيبُوا۟ لَكُمْ فَٱعْلَمُوٓا۟ أَنَّمَآ أُنزِلَ بِعِلْمِ ٱللَّهِ وَأَن لَّآ إِلَٰهَ إِلَّا هُوَ ۖ فَهَلْ أَنتُم مُّسْلِمُونَ. ﴿14﴾
15 ਜਿਹੜੇ ਲੋਕੀ ਸੰਸਾਰਿਕ ਜੀਵਨ ਤੇ ਇਸ ਦੀ ਖ਼ੂਬਸੂਰਤੀ ਚਾਹੁੰਦੇ ਹਨ ਅਸੀਂ ਉਹਨਾਂ ਦੇ ਕਰਮਾਂ ਦਾ ਬਦਲਾ ਇਸੇ ਸੰਸਾਰ ਵਿਚ ਹੀ ਦੇ ਛੱਡਦੇ ਹਾਂ ਅਤੇ ਉਹਨਾਂ ਦਾ ਹੱਕ ਨਹੀਂ ਮਾਰਿਆ ਜਾਂਦਾ। مَن كَانَ يُرِيدُ ٱلْحَيَوٰةَ ٱلدُّنْيَا وَزِينَتَهَا نُوَفِّ إِلَيْهِمْ أَعْمَٰلَهُمْ فِيهَا وَهُمْ فِيهَا لَا يُبْخَسُونَ. ﴿15﴾
16 ਇਹੋ ਉਹ ਲੋਕ ਹਨ ਜਿਨ੍ਹਾਂ ਲਈ ਆਖ਼ਿਰਤ ਵਿਚ ਛੁੱਟ ਅੱਗ ਤੋਂ ਹੋਰ ਕੁੱਝ ਵੀ ਨਹੀਂ, ਜੋ ਕੁੱਝ ਉਹਨਾਂ ਨੇ ਸੰਸਾਰ ਵਿਚ ਕਮਾਈ ਕੀਤੀ ਸੀ ਉਹ ਸਭ ਬਰਬਾਦ ਹੋ ਗਈ ਅਤੇ ਜੋ ਵੀ ਉਹ ਅਮਲ ਕਰਦੇ ਰਹੇ ਉਹ ਵੀ ਅਜਾਈਂ ਗਏ। أُو۟لَٰٓئِكَ ٱلَّذِينَ لَيْسَ لَهُمْ فِى ٱلْءَاخِرَةِ إِلَّا ٱلنَّارُ ۖ وَحَبِطَ مَا صَنَعُوا۟ فِيهَا وَبَٰطِلٌۭ مَّا كَانُوا۟ يَعْمَلُونَ. ﴿16﴾
17 ਕੀ ਭਲਾਂ ਉਹ ਵਿਅਕਤੀ (.ਕੁਰਅਨ ਦਾ ਇਨਕਾਰ ਕਰ ਸਕਦਾ ਹੈ? ) ਜਿਹੜਾ ਆਪਣੇ ਰੱਬ ਵੱਲੋਂ ਬਖ਼ਸ਼ੀ ਹੋਈ ਦਲੀਲ ’ਤੇ ਕਾਇਮ ਹੋਵੇ ਅਤੇ ਇਸ ਦੇ ਨਾਲ ਅੱਲਾਹ ਵੱਲੋਂ ਇਕ ਗਵਾਹ (ਵਜੋਂ.ਕੁਰਆਨ) ਵੀ ਹੋਵੇ, ਜਦ ਕਿ ਇਸ ਤੋਂ ਪਹਿਲਾਂ ਮੂਸਾ ਦੀ ਕਿਤਾਬ (ਤੌਰੈਤ) ਵੀ ਮਾਰਗ ਦਰਸ਼ਨ ਤੇ ਮਿਹਰਾਂ ਦੇ ਰੂਪ ਵਿਚ ਰਹੀ ਹੈ। ਇਹੋ ਉਹ ਲੋਕ ਹਨ ਜਿਹੜੇ ਇਸ (.ਕੁਰਆਨ) ’ਤੇ ਈਮਾਨ ਰੱਖਦੇ ਹਨ ਅਤੇ ਇਹਨਾਂ ਸਾਰੇ ਮਨੁੱਖੀ ਧੜ੍ਹਿਆਂ ਵਿੱਚੋਂ ਜੋ ਵੀ ਇਸ (.ਕੁਰਆਨ) ਦਾ ਇਨਕਾਰੀ ਹੋਵੇਗਾ ਉਸ ਦਾ ਟਿਕਾਣਾ ਅੱਗ ਹੈ।[2] (ਹੇ ਨਬੀ ਸ:!) ਤੁਸੀਂ ਕਿਸੇ ਪ੍ਰਕਾਰ ਦੇ ਸ਼ੱਕ-ਸ਼ੁਬਹੇ ਵਿਚ ਨਹੀਂ ਪੈਣਾ। ਇਹ.ਕੁਰਆਨ ਤੁਹਾਡੇ ਪਾਲਣਹਾਰ ਵੱਲੋਂ ਹੱਕ (’ਤੇ ਆਧਾਰਿਤ) ਹੈ ਪਰ ਵਧੇਰੇ ਲੋਕ ਨਹੀਂ ਮੰਨਦੇ।
[2] ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85/3
أَفَمَن كَانَ عَلَىٰ بَيِّنَةٍۢ مِّن رَّبِّهِۦ وَيَتْلُوهُ شَاهِدٌۭ مِّنْهُ وَمِن قَبْلِهِۦ كِتَٰبُ مُوسَىٰٓ إِمَامًۭا وَرَحْمَةً ۚ أُو۟لَٰٓئِكَ يُؤْمِنُونَ بِهِۦ ۚ وَمَن يَكْفُرْ بِهِۦ مِنَ ٱلْأَحْزَابِ فَٱلنَّارُ مَوْعِدُهُۥ ۚ فَلَا تَكُ فِى مِرْيَةٍۢ مِّنْهُ ۚ إِنَّهُ ٱلْحَقُّ مِن رَّبِّكَ وَلَٰكِنَّ أَكْثَرَ ٱلنَّاسِ لَا يُؤْمِنُونَ. ﴿17﴾
18 ਉਸ ਵਿਅਕਤੀ ਤੋਂ ਵਧਕੇ ਜ਼ਾਲਮ ਕੌਣ ਹੋਵੇਗਾ ਜਿਹੜਾ ਅੱਲਾਹ ’ਤੇ ਹੀ ਝੂਠ ਜੜੇ ? ਇਹ ਸਾਰੇ ਲੋਕ ਅੱਲਾਹ ਦੇ ਹਜ਼ੂਰ ਪੇਸ਼ ਕੀਤੇ ਜਾਣਗੇ ਅਤੇ (ਫ਼ਰਿਸ਼ਤੇ) ਗਵਾਹੀ ਦੇਣਗੇ ਕਿ ਇਹ ਉਹ ਲੋਕ ਹਨ ਜਿਨ੍ਹਾਂ ਨੇ ਆਪਣੇ ਰੱਬ ’ਤੇ ਝੂਠ ਜੜ੍ਹਿਆ ਸੀ। ਸੁਣ ਲਓ। ਅੱਲਾਹ ਦੀ ਫਿਟਕਾਰ ਜ਼ਾਲਮਾਂ ਲਈ ਹੈ।[3]
[3] ਇਸ ਦੀ ਪੁਸ਼ਟੀ ਇਹ ਹਦੀਸ ਕਰਦੀ ਹੈ ਜਿਸ ਨੂੰ ਸਫ਼ਵਾਨ ਬਿਨ ਮੁਹੱਰਰ ਦੱਸਿਆ ਹੈ ਕਿ ਅਬਦੁੱਲਾ ਬਿਨ ਉਮਰ (ਰ:ਅ:) ਤਵਾਫ਼ ਕਰ ਰਹੇ ਸੀ ਕਿ ਇਕ ਵਿਅਕਤੀ ਆਇਆ ਤੇ ਆਖਣ ਲੱਗਾ, ਕੀ ਤੁਸੀਂ ਨਬੀ (ਸ:) ਦੇ ਬਾਰੇ ਕੁਝ ਸੁਣਿਆ ਹੈ? ਇਬਨੇ-ਉਮਰ (ਰ:ਅ:) ਨੇ ਆਖਿਆ ਕਿ ਮੈਨੇ ਨਬੀ ਕਰੀਮ (ਸ:) ਤੋਂ ਇਹ ਸੁਣਿਆ ਹੈ ਕਿ ਮੋਮਿਨ ਨੂੰ ਅੱਲਾਹ ਦੇ ਨੇੜੇ ਲਿਆਂਦਾ ਜਾਵੇਗਾ। ਹੱਸ਼ਾਮ ਦਾ ਕਹਿਣਾ ਹੈ ਕਿ ਮੋਮਿਨ ਆਪਣੇ ਰੱਬ ਦੇ ਇੱਨਾ ਨੇੜੇ ਹੋ ਜਾਵੇਗਾ ਕਿ ਅੱਲਾਹ ਉਸ ਉੱਤੇ ਆਪਣਾ ਪੱਟ ਰੱਖ ਦੇਵੇਗਾ ਅਤੇ ਉਸ ਤੋਂ ਉਸ ਦੇ ਗੁਨਾਹਾਂ ਦੀ ਪੁਸ਼ਟੀ ਕਰਾਵਾਏਗਾ (ਅੱਲਾਹ ਉਸ ਨੂੰ ਆਖੇਗਾ) ਕੀ ਤੈਨੂੰ ਆਪਣਾ ਫਲਾਨਾ ਗੁਨਾਹ ਯਾਦ ਹੈ? ਉਹ ਮੋਮਿਨ ਦੋ ਬਾਰ ਆਖੇਗਾ ਕਿ ਮੈਂ ਜਾਣਦਾ ਹਾਂ ਹੇ ਮੇਰੇ ਰੱਬ ਮੈਂ ਜਾਣਦਾ ਹਾਂ। ਉਸ ਸਮੇਂ ਅੱਲਾਹ ਆਖੇਗਾ ਕਿ ਮੈਨੇ ਸੰਸਾਰ ਵਿਚ ਤੇਰੇ ਗੁਨਾਹਾਂ ਉੱਤੇ ਪੜਦਾ ਪਾਇਆ ਸੀ ਅਤੇ ਅੱਜ ਮੈਂ ਉਹਨਾਂ ਨੂੰ ਤੇਰੇ ਲਈ ਮਾਫ਼ ਕਰਦਾ ਹਾਂ। ਫਿਰ ਇਸ ਦੀ ਨੇਕੀਆਂ ਦਾ ਰਜਿਸਟਰ ਬੰਦ ਕਰ ਦਿੱਤਾ ਜਾਵੇਗਾ। ਅਤੇ ਦੂਜੇ ਲੋਕਾ ਦਾ ਜਾਂ ਕਾਫ਼ਿਰਾਂ ਦਾ ਹਾਲ ਇਹ ਹੋਵੇਗਾ ਕਿ ਗੁਵਾਹਾਂ ਦੇ ਸਾਮਣੇ ਖੁਲੱਮ ਖੱਲਾ ਆਖਿਆ ਜਾਵੇਗਾ ਕਿ ਇਹ ਉਹ ਲੋਕ ਹਨ ਜਿਨ੍ਹਾਂ ਨੇ ਆਪਣੇ ਰੱਬ ਉੱਤੇ ਝੂਠ ਮੜ੍ਹਿਆ ਸੀ। (ਸਹੀ ਬੁਖ਼ਾਰੀ, ਹਦੀਸ: 4685)
وَمَنْ أَظْلَمُ مِمَّنِ ٱفْتَرَىٰ عَلَى ٱللَّهِ كَذِبًا ۚ أُو۟لَٰٓئِكَ يُعْرَضُونَ عَلَىٰ رَبِّهِمْ وَيَقُولُ ٱلْأَشْهَٰدُ هَٰٓؤُلَآءِ ٱلَّذِينَ كَذَبُوا۟ عَلَىٰ رَبِّهِمْ ۚ أَلَا لَعْنَةُ ٱللَّهِ عَلَى ٱلظَّٰلِمِينَ. ﴿18﴾
19 ਜਿਹੜੇ ਲੋਕਾਂ ਨੂੰ ਅੱਲਾਹ ਦੀ ਰਾਹ ਤੋਂ ਰੋਕਦੇ ਹਨ ਅਤੇ ਇਸ (ਰਾਹ) ਵਿਚ ਵਿੰਗ-ਵਲ ਲੱਭਦੇ ਹਨ ਇਹੋ ਆਖ਼ਿਰਤ ਦੇ ਇਨਕਾਰੀ ਹਨ। ٱلَّذِينَ يَصُدُّونَ عَن سَبِيلِ ٱللَّهِ وَيَبْغُونَهَا عِوَجًۭا وَهُم بِٱلْءَاخِرَةِ هُمْ كَٰفِرُونَ. ﴿19﴾
20 ਉਹ ਲੋਕ ਧਰਤੀ ਉੱਤੇ ਅੱਲਾਹ ਨੂੰ ਬੇਵਸ ਕਰਨ ਵਾਲੇ ਨਹੀਂ ਸਨ ਅਤੇ ਨਾ ਹੀ ਛੁੱਟ ਅੱਲਾਹ ਤੋਂ ਉਹਨਾਂ ਦਾ ਕੋਈ ਹਿਮਾਇਤੀ ਸੀ, ਉਹਨਾਂ ਲਈ ਦੋਗੁਣਾ ਅਜ਼ਾਬ ਹੋਵੇਗਾ ਕਿਉਂ ਜੋ ਨਾ ਹੀ ਉਹ (ਹੱਕ) ਸੁਣ ਸਕਦੇ ਸੀ ਅਤੇ ਨਾ ਹੀ ਉਸ ਨੂੰ ਵੇਖਣਾ ਚਾਹੁੰਦੇ ਸੀ। أُو۟لَٰٓئِكَ لَمْ يَكُونُوا۟ مُعْجِزِينَ فِى ٱلْأَرْضِ وَمَا كَانَ لَهُم مِّن دُونِ ٱللَّهِ مِنْ أَوْلِيَآءَ ۘ يُضَٰعَفُ لَهُمُ ٱلْعَذَابُ ۚ مَا كَانُوا۟ يَسْتَطِيعُونَ ٱلسَّمْعَ وَمَا كَانُوا۟ يُبْصِرُونَ. ﴿20﴾
21 ਇਹੋ ਉਹ ਲੋਕ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਘਾਟੇ ਵਿਚ ਪਾਇਆ ਹੈ ਅਤੇ ਉਹ ਸਭ ਉਹਨਾਂ ਤੋਂ ਗੁਆਚ ਗਿਆ ਜਿਹੜਾ ਉਹਨਾਂ ਨੇ ਘੜ ਰੱਖਿਆ ਸੀ। أُو۟لَٰٓئِكَ ٱلَّذِينَ خَسِرُوٓا۟ أَنفُسَهُمْ وَضَلَّ عَنْهُم مَّا كَانُوا۟ يَفْتَرُونَ. ﴿21﴾
22 ਬੇਸ਼ੱਕ ਆਖ਼ਿਰਤ ਵਿਚ ਘਾਟੇ ਵਿਚ ਰਹਿਣ ਵਾਲੇ ਇਹੋ ਲੋਕ ਹੋਣਗੇ। لَا جَرَمَ أَنَّهُمْ فِى ٱلْءَاخِرَةِ هُمُ ٱلْأَخْسَرُونَ. ﴿22﴾
23 ਬੇਸ਼ੱਕ ਜਿਹੜੇ ਲੋਕ ਈਮਾਨ ਲਿਆਏ ਤੇ ਭਲੇ ਕੰਮ ਵੀ ਕੀਤੇ ਅਤੇ ਆਪਣੇ ਪਾਲਣਹਾਰ ਦੇ ਹਜ਼ੂਰ ਝੁਕਦੇ ਵੀ ਰਹੇ ਉਹੀਓ ਸਵਰਗਾਂ ਵਿਚ ਜਾਣ ਵਾਲੇ ਹਨ ਜਿੱਥੇ ਉਹ ਸਦਾ ਲਈ ਰਹਿਣਗੇ। إِنَّ ٱلَّذِينَ ءَامَنُوا۟ وَعَمِلُوا۟ ٱلصَّٰلِحَٰتِ وَأَخْبَتُوٓا۟ إِلَىٰ رَبِّهِمْ أُو۟لَٰٓئِكَ أَصْحَٰبُ ٱلْجَنَّةِ ۖ هُمْ فِيهَا خَٰلِدُونَ. ﴿23﴾
24 ਇਹ ਦੋਵੇਂ ਧਿਰਾਂ ਦੀ ਮਿਸਾਲ ਇੰਜ ਹੈ ਜਿਵੇਂ ਇਕ ਧਿਰ ਅੰਨ੍ਹਾ ਤੇ ਬੋਲਾ ਹੋਵੇ, ਦੂਜਾ ਵੇਖਣ ਤੇ ਸੁਣਨ ਵਾਲਾ ਹੋਵੇ। ਕੀ ਇਹ ਦੋਵੇਂ ਧਿਰਾਂ ਇਕੋ ਬਰਾਬਰ ਹੋ ਸਕਦੇ ਹਨ ? ਕੀ ਤੁਸੀਂ ਫੇਰ ਵੀ ਨਸੀਹਤ ਪ੍ਰਾਪਤ ਨਹੀਂ ਕਰਦੇ? ۞ مَثَلُ ٱلْفَرِيقَيْنِ كَٱلْأَعْمَىٰ وَٱلْأَصَمِّ وَٱلْبَصِيرِ وَٱلسَّمِيعِ ۚ هَلْ يَسْتَوِيَانِ مَثَلًا ۚ أَفَلَا تَذَكَّرُونَ. ﴿24﴾
25 ਬੇਸ਼ੱਕ ਅਸੀਂ ਨੂਹ ਨੂੰ ਉਸ ਦੀ ਕੌਮ ਵੱਲ (ਪੈਗ਼ੰਬਰ ਬਣਾਕੇ) ਭੇਜਿਆ ਅਤੇ ਉਸ ਨੇ ਕਿਹਾ ਕਿ ਮੈਂ ਤੁਹਾਨੂੰ ਸਪਸ਼ਟ ਚਿਤਾਵਣੀ ਦੇ ਰਿਹਾ ਹਾਂ। وَلَقَدْ أَرْسَلْنَا نُوحًا إِلَىٰ قَوْمِهِۦٓ إِنِّى لَكُمْ نَذِيرٌۭ مُّبِينٌ. ﴿25﴾
26 ਕਿ ਤੁਸੀਂ ਅੱਲਾਹ ਤੋਂ ਛੁੱਟ ਕਿਸੇ ਹੋਰ ਦੀ ਇਬਾਦਤ ਨਾ ਕਰੋ। ਮੈਂ ਤਾਂ ਤੁਹਾਡੇ ’ਤੇ ਦਰਦਨਾਕ ਦਿਨ (ਭਾਵ ਕਿਆਮਤ) ਦੇ ਅਜ਼ਾਬ ਆਉਣ ਤੋਂ ਡਰਦਾ ਹਾਂ। أَن لَّا تَعْبُدُوٓا۟ إِلَّا ٱللَّهَ ۖ إِنِّىٓ أَخَافُ عَلَيْكُمْ عَذَابَ يَوْمٍ أَلِيمٍۢ. ﴿26﴾
27 ਉਸ (ਨੂਹ) ਦੀ ਕੌਮ ਦੇ ਵਡੇਰਿਆਂ ਨੇ ਕਿਹਾ ਕਿ ਅਸੀਂ ਤਾਂ ਤੈਨੂੰ ਆਪਣੇ ਵਾਂਗ ਹੀ ਇਕ ਮਨੁੱਖ ਵੇਖਦੇ ਹਾਂ ਅਤੇ ਇਹ ਵੀ ਵੇਖਦੇ ਹਾਂ ਕਿ ਕੇਵਲ ਉਹਨਾਂ ਲੋਕਾਂ ਨੇ ਹੀ ਬਿਨਾਂ ਸੋਚੇ ਸਮਝੇ ਤੇਰੀ ਪੈਰਵੀ ਕੀਤੀ ਹੈ ਜਿਹੜੇ ਸਾਡੀ ਕੌਮ ਦੇ ਨੀਚ, ਦਲਿਤ ਤੇ ਭੈੜੀ ਸੋਚ ਵਾਲੇ ਲੋਕ ਹਨ, ਅਸੀਂ ਇਹ ਵੀ ਵੇਖ ਰਹੇ ਹਾਂ ਕਿ ਤੁਹਾਨੂੰ ਸਾਡੇ ’ਤੇ ਕਿਸੇ ਤਰ੍ਹਾਂ ਦੀ ਕੋਈ ਵਡਿਆਈ ਵੀ ਨਹੀਂ, ਅਸੀਂ ਤਾਂ ਤੁਹਾਨੂੰ ਝੂਠਾ ਸਮਝਦੇ ਹਾਂ। فَقَالَ ٱلْمَلَأُ ٱلَّذِينَ كَفَرُوا۟ مِن قَوْمِهِۦ مَا نَرَىٰكَ إِلَّا بَشَرًۭا مِّثْلَنَا وَمَا نَرَىٰكَ ٱتَّبَعَكَ إِلَّا ٱلَّذِينَ هُمْ أَرَاذِلُنَا بَادِىَ ٱلرَّأْىِ وَمَا نَرَىٰ لَكُمْ عَلَيْنَا مِن فَضْلٍۭ بَلْ نَظُنُّكُمْ كَٰذِبِينَ. ﴿27﴾
28 (ਨੂਹ ਨੇ) ਕਿਹਾ ਕਿ ਹੇ ਮੇਰੀ ਕੌਮ ਵਾਲਿਓ! ਮੈਨੂੰ ਦੱਸੋ ਕਿ ਜੇ ਮੈਂ ਆਪਣੇ ਰੱਬ ਵੱਲੋਂ ਕਿਸੇ ਦਲੀਲ ’ਤੇ ਹੋਵਾਂ ਅਤੇ ਉਸ ਨੇ ਮੈਨੂੰ ਆਪਣੇ ਵੱਲੋਂ ਕਿਸੇ ਮਿਹਰ ਤੋਂ (ਭਾਵ ਰਸੂਲ ਬਣਾ ਕੇ) ਨਿਵਾਜ਼ਿਆ ਹੋਵੇ ਫੇਰ ਉਹ ਮਿਹਰ ਤੁਹਾਨੂੰ (ਅੰਨਿਆਂ ਨੂੰ) ਵਿਖਾਈ ਨਾ ਦਿੰਦੀ ਹੋਵੇ ਤਾਂ ਕੀ ਅਸੀਂ ਤੁਹਾਨੂੰ ਇਸ ਨੂੰ ਮੰਣਨ ਲਈ ਮਜਬੂਰ ਕਰ ਸਕਦੇ ਹਾਂ, ਜਦ ਕਿ ਤੁਸੀਂ ਇਸ ਨੂੰ ਪਸੰਦ ਨਹੀਂ ਕਰਦੇ। قَالَ يَٰقَوْمِ أَرَءَيْتُمْ إِن كُنتُ عَلَىٰ بَيِّنَةٍۢ مِّن رَّبِّى وَءَاتَىٰنِى رَحْمَةًۭ مِّنْ عِندِهِۦ فَعُمِّيَتْ عَلَيْكُمْ أَنُلْزِمُكُمُوهَا وَأَنتُمْ لَهَا كَٰرِهُونَ. ﴿28﴾
29 (ਨੂਹ ਨੇ ਕਿਹਾ) ਕਿ ਹੇ ਮੇਰੀ ਕੌਮ ਵਾਲੀਓ! ਮੈਂ ਤੁਹਾਥੋਂ ਇਸ (ਚਿਤਾਵਨੀ ਦੇਣ) ਲਈ ਕੋਈ ਧੰਨ ਨਹੀਂ ਮੰਗਦਾ। ਮੇਰਾ ਬਦਲਾ ਤਾਂ ਅੱਲਾਹ ਦੇ ਕੋਲ ਹੀ ਹੈ। ਮੈਂ ਈਮਾਨ ਵਾਲਿਆਂ ਨੂੰ (ਭਾਵੇਂ ਉਹ ਦਲਿਤ ਹੀ ਹਨ) ਆਪਣੇ ਕੋਲੋਂ ਪਰਾਂ ਕਰਨ ਵਾਲਾ ਨਹੀਂ। ਬੇਸ਼ੱਕ ਉਹਨਾਂ ਦੀ ਮਿਲਣੀ ਆਪਣੇ ਰੱਬ ਨਾਲ ਹੋਣੀ ਹੈ ਪਰ ਮੈਂ ਵੇਖਦਾ ਹਾਂ ਕਿ ਤੁਸੀਂ ਅਗਿਆਨਤਾ ਤੋਂ ਕੰਮ ਲੈ ਰਹੇ ਹੋ। وَيَٰقَوْمِ لَآ أَسْـَٔلُكُمْ عَلَيْهِ مَالًا ۖ إِنْ أَجْرِىَ إِلَّا عَلَى ٱللَّهِ ۚ وَمَآ أَنَا۠ بِطَارِدِ ٱلَّذِينَ ءَامَنُوٓا۟ ۚ إِنَّهُم مُّلَٰقُوا۟ رَبِّهِمْ وَلَٰكِنِّىٓ أَرَىٰكُمْ قَوْمًۭا تَجْهَلُونَ. ﴿29﴾
30 ਹੇ ਮੇਰੀ ਕੌਮ ਦੇ ਲੋਕੋ! ਜੇ ਮੈਂ ਇਹਨਾਂ (ਮੰਣਨ ਵਾਲਿਆਂ) ਨੂੰ ਧਿੱਕਾਰ ਵੀ ਦਵਾਂ ਤਾਂ ਕੌਣ ਮੈਨੂੰ ਅੱਲਾਹ ਦੇ ਅਜ਼ਾਬ ਤੋਂ ਬਚਾਵੇਗਾ ? ਕੀ ਤੁਸੀਂ ਕੁੱਝ ਵੀ ਸਿੱਖਿਆ ਨਹੀਂ ਲੈਂਦੇ ? وَيَٰقَوْمِ مَن يَنصُرُنِى مِنَ ٱللَّهِ إِن طَرَدتُّهُمْ ۚ أَفَلَا تَذَكَّرُونَ. ﴿30﴾
31 (ਨੂਹ ਨੇ ਕਿਹਾ) ਕਿ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਮੇਰੇ ਕੋਲ ਅੱਲਾਹ ਦੇ ਖ਼ਜ਼ਾਨੇ ਹਨ ਅਤੇ ਨਾ ਹੀ ਮੈਂ ਗ਼ੈਬ ਦਾ ਗਿਆਨ ਰੱਖਦਾ ਹਾਂ, ਨਾ ਮੈਂ ਇਹ ਕਹਿੰਦਾ ਹਾਂ ਕਿ ਮੈਂ ਫ਼ਰਿਸ਼ਤਾ ਹਾਂ ਨਾ ਹੀ ਮੇਰਾ ਇਹ ਕਹਿਣਾ ਹੈ ਕਿ ਜਿਨ੍ਹਾਂ ਨੂੰ ਤੁਹਾਡੀਆਂ ਅੱਖਾਂ ਨੀਚ ਸਮਝ ਰਹੀਆਂ ਹਨ, ਉਹਨਾਂ ਨੂੰ ਅੱਲਾਹ ਕੋਈ ਭਲਾਈ ਨਹੀਂ ਬਖ਼ਸ਼ੇਗਾ। ਉਹਨਾਂ ਦੇ ਮਨ ਵਿਚ ਜੋ ਹੈ ਉਸ ਨੂੰ ਅੱਲਾਹ ਚੰਗੀ ਤਰ੍ਹਾਂ ਜਾਣਦਾ ਹੈ। ਜੇ ਮੈਂ ਕੋਈ ਅਜਿਹੀ ਗੱਲ ਕਹਾਂਗਾਂ ਤਾਂ ਮੇਰੀ ਗਿਣਤੀ ਵੀ ਜ਼ਾਲਮਾਂ ਵਿਚ ਹੋਵੇਗੀ। وَلَآ أَقُولُ لَكُمْ عِندِى خَزَآئِنُ ٱللَّهِ وَلَآ أَعْلَمُ ٱلْغَيْبَ وَلَآ أَقُولُ إِنِّى مَلَكٌۭ وَلَآ أَقُولُ لِلَّذِينَ تَزْدَرِىٓ أَعْيُنُكُمْ لَن يُؤْتِيَهُمُ ٱللَّهُ خَيْرًا ۖ ٱللَّهُ أَعْلَمُ بِمَا فِىٓ أَنفُسِهِمْ ۖ إِنِّىٓ إِذًۭا لَّمِنَ ٱلظَّٰلِمِينَ. ﴿31﴾
32 (ਕੌਮ ਨੇ) ਆਖਿਆ ਕਿ ਹੇ ਨੂਹ! ਤੂੰ ਸਾਡੇ ਨਾਲ ਝਗੜਾ ਕਰ ਲਿਆ ਅਤੇ ਸਾਡੇ ਨਾਲ ਵਧੇਰੇ ਝਗੜਾ ਕਰ ਚੁੱਕਿਆਂ ਹੈਂ। ਜਿਸ ਅਜ਼ਾਬ ਤੋਂ ਸਾਨੂੰ ਤੂੰ ਡਰਾ ਰਿਹਾ ਹੈਂ ਉਹ ਲੈ ਆ, ਜੇ ਤੂੰ ਸੱਚਾ ਹੈਂ। قَالُوا۟ يَٰنُوحُ قَدْ جَٰدَلْتَنَا فَأَكْثَرْتَ جِدَٰلَنَا فَأْتِنَا بِمَا تَعِدُنَآ إِن كُنتَ مِنَ ٱلصَّٰدِقِينَ. ﴿32﴾
33 (ਨੂਹ ਨੇ) ਕਿਹਾ ਕਿ ਬੇਸ਼ੱਕ ਅੱਲਾਹ ਹੀ ਉਹ (ਅਜ਼ਾਬ) ਤੁਹਾਡੇ ’ਤੇ ਲਿਆਵੇਗਾ, ਜੇ ਉਹ ਚਾਹਵੇ। ਫੇਰ ਤੁਸੀਂ ਉਸ ਨੂੰ ਰੋਕ ਵੀ ਨਹੀਂ ਸਕਦੇ। قَالَ إِنَّمَا يَأْتِيكُم بِهِ ٱللَّهُ إِن شَآءَ وَمَآ أَنتُم بِمُعْجِزِينَ. ﴿33﴾
34 ਤੁਹਾਨੂੰ ਮੇਰੀਆਂ ਨਸੀਹਤਾਂ ਕੁੱਝ ਵੀ ਲਾਭ ਨਹੀਂ ਦੇ ਸਕਦੀਆਂ ਭਾਵੇਂ ਮੈਂ ਤੁਹਾਡੀ ਕਿੰਨੀ ਹੀ ਭਲਾਈ ਚਾਹਵਾਂ ਜਦੋਂ ਕਿ ਅੱਲਾਹ ਦੀ ਇੱਛਾ ਤੁਹਾਨੂੰ ਕੁਰਾਹੇ ਪਾਉਣਾ ਦੀ ਹੋਵੇ। ਉਹੀਓ ਤੁਹਾਡਾ ਰੱਬ (ਪਾਲਣਹਾਰ) ਹੈ ਅਤੇ ਉਸ ਵੱਲ ਤੁਸੀਂ (ਸਾਰਿਆਂ ਨੇ) ਪਰਤ ਕੇ ਜਾਣਾ ਹੈ। وَلَا يَنفَعُكُمْ نُصْحِىٓ إِنْ أَرَدتُّ أَنْ أَنصَحَ لَكُمْ إِن كَانَ ٱللَّهُ يُرِيدُ أَن يُغْوِيَكُمْ ۚ هُوَ رَبُّكُمْ وَإِلَيْهِ تُرْجَعُونَ. ﴿34﴾
35 ਕੀ ਉਹ ਕਾਫ਼ਿਰ ਆਖਦੇ ਹਨ ਕਿ ਇਸ (.ਕੁਰਆਨ) ਨੂੰ ਉਸ ਨੇ ਆਪ ਹੀ ਘੜ੍ਹ ਲਿਆ ਹੈ ? (ਹੇ ਨਬੀ!) ਜਵਾਬ ਦਿਓ ਕਿ ਜੇ ਮੈਨੇ ਆਪਣੇ ਮਨ ਤੋਂ ਇਸ ਨੂੰ ਘੜ੍ਹ ਲਿਆ ਹੈ ਤਾਂ ਇਸ ਦਾ ਦੋਸ਼ ਮੇਰੇ ’ਤੇ ਹੈ ਅਤੇ ਮੈਂ ਉਹਨਾਂ ਸਾਰੇ ਅਪਰਾਧਾਂ ਤੋਂ ਬਰੀ ਹਾਂ ਜੋ ਤੁਸੀਂ ਕਰ ਰਹੇ ਹੋ। أَمْ يَقُولُونَ ٱفْتَرَىٰهُ ۖ قُلْ إِنِ ٱفْتَرَيْتُهُۥ فَعَلَىَّ إِجْرَامِى وَأَنَا۠ بَرِىٓءٌۭ مِّمَّا تُجْرِمُونَ. ﴿35﴾
36 ਨੂਹ ਵੱਲ ਵਹੀ ਭੇਜੀ ਗਈ ਕਿ ਤੇਰੀ ਕੌਮ ਵਿੱਚੋਂ ਜਿਹੜੇ ਲੋਕ ਪਹਿਲਾਂ ਈਮਾਨ ਲਿਆ ਚੁੱਕੇ ਹਨ ਉਹਨਾਂ ਤੋਂ ਛੁੱਟ ਹੋਰ ਕੋਈ ਈਮਾਨ ਨਹੀਂ ਲਿਆਵੇਗਾ, ਸੋ ਤੂੰ ਉਹਨਾਂ ਦੀਆਂ ਕਰਤੂਤਾਂ ’ਤੇ ਦੁਖੀ ਨਾ ਹੋ। وَأُوحِىَ إِلَىٰ نُوحٍ أَنَّهُۥ لَن يُؤْمِنَ مِن قَوْمِكَ إِلَّا مَن قَدْ ءَامَنَ فَلَا تَبْتَئِسْ بِمَا كَانُوا۟ يَفْعَلُونَ. ﴿36﴾
37 ਤੂੰ ਸਾਡੀਆਂ ਅੱਖਾਂ ਦੇ ਸਾਹਮਣੇ ਸਾਡੀ ਵਹੀ ਅਨੁਸਾਰ ਇਕ ਬੇੜੀ ਬਣਾ ਅਤੇ ਉਹਨਾਂ ਜ਼ਾਲਮਾਂ ਦੇ ਸੰਬੰਧ ਵਿਚ ਸਾਡੇ ਨਾਲ ਕੋਈ ਗੱਲ ਨਾ ਕਰ। ਬੇਸ਼ੱਕ ਉਹਨਾਂ ਨੂੰ ਡੋਬ ਦਿੱਤਾ ਜਾਵੇਗਾ। وَٱصْنَعِ ٱلْفُلْكَ بِأَعْيُنِنَا وَوَحْيِنَا وَلَا تُخَٰطِبْنِى فِى ٱلَّذِينَ ظَلَمُوٓا۟ ۚ إِنَّهُم مُّغْرَقُونَ. ﴿37﴾
38 ਜਦੋਂ ਉਹ (ਨੂਹ) ਬੇੜੀ ਬਣਾਉਣ ਲੱਗਿਆ ਤੇ ਉਹਨਾਂ ਦੀ ਕੌਮ ਦੇ ਆਗੂ ਜਦੋਂ ਉਸ (ਨੂਹ) ਦੇ ਕੋਲ ਦੀ ਲੰਘਦੇ ਤਾਂ ਉਹ ਉਸ ਦਾ ਮਖੌਲ ਕਰਦੇ। ਨੂਹ ਨੇ ਕਿਹਾ ਕਿ ਜੇ (ਅੱਜ) ਤੁਸੀਂ ਸਾਡਾ ਮਖੌਲ ਉਡਾਉਂਦੇ ਹੋ ਬੇਸ਼ੱਕ (ਇਕ ਦਿਨ) ਅਸੀਂ ਵੀ ਤੁਹਾਡੇ ’ਤੇ ਹੱਸਾਂਗੇ, ਜਿੱਦਾਂ ਤੁਸੀਂ ਸਾਡੇ ’ਤੇ (ਅੱਜ) ਹੱਸ ਰਹੇ ਹੋ। وَيَصْنَعُ ٱلْفُلْكَ وَكُلَّمَا مَرَّ عَلَيْهِ مَلَأٌۭ مِّن قَوْمِهِۦ سَخِرُوا۟ مِنْهُ ۚ قَالَ إِن تَسْخَرُوا۟ مِنَّا فَإِنَّا نَسْخَرُ مِنكُمْ كَمَا تَسْخَرُونَ. ﴿38﴾
39 ਤੁਹਾਨੂੰ ਬਹੁਤ ਛੇਤੀ ਹੀ ਪਤਾ ਚੱਲ ਜਾਵੇਗਾ ਕਿ ਕਿਸ ਵਿਅਕਤੀ ’ਤੇ ਅਜਿਹਾ ਅਜ਼ਾਬ ਆਵੇਗਾ ਜਿਹੜਾ ਉਹ ਨੂੰ (ਸੰਸਾਰ ਵਿਚ) ਜ਼ਲੀਲ ਕਰ ਦੇਵੇਗਾ ਅਤੇ (ਆਖ਼ਿਰਤ ਵਿਚ) ਸਦਾ ਲਈ ਸਜ਼ਾ ਹੋਵੇਗੀ। فَسَوْفَ تَعْلَمُونَ مَن يَأْتِيهِ عَذَابٌۭ يُخْزِيهِ وَيَحِلُّ عَلَيْهِ عَذَابٌۭ مُّقِيمٌ. ﴿39﴾
40 ਜਦੋਂ ਸਾਡਾ (ਅਜ਼ਾਬ ਦਾ) ਹੁਕਮ ਆ ਗਿਆ ਤੇ (ਧਰਤੀ ’ਚੋਂ ਪਾਣੀ ਦਾ) ਤੰਦੂਰ ਉੱਬਲਣ ਲੱਗ ਪਿਆ ਫੇਰ ਅਸੀਂ ਨੂਹ ਨੂੰ ਆਖਿਆ ਕਿ ਇਸ ਬੇੜੀ ਵਿਚ ਹਰ ਪ੍ਰਕਾਰ ਦੇ (ਜਾਨਵਰਾਂ ਦੇ) ਜੋੜੇ ਭਾਵ (ਦੋ ਜਾਨਵਰ) ਇਕ ਨਰ ਤੇ ਇਕ ਮਦੀਨ ਸਵਾਰ ਕਰ ਲੈ ਅਤੇ ਆਪਣੇ ਪਰਿਵਾਰ ਨੂੰ, ਛੁੱਟ ਉਸ (ਤੁਹਾਡੀ ਪਤਨੀ ਤੇ ਪੁੱਤਰ) ਤੋਂ, ਜਿਨ੍ਹਾਂ ਬਾਰੇ ਪਹਿਲਾਂ ਗੱਲ ਹੋ ਚੁੱਕੀ ਹੈ, ਸਨੇ ਸਾਰੇ ਈਮਾਨ ਵਾਲਿਆਂ ਨੂੰ ਸਵਾਰ ਕਰ ਲੈ। ਉਸ (ਨੂਹ) ’ਤੇ ਬਹੁਤ ਹੀ ਘੱਟ ਗਿਣਤੀ ਵਿਚ ਈਮਾਨ ਲਿਆਏ ਸੀ। حَتَّىٰٓ إِذَا جَآءَ أَمْرُنَا وَفَارَ ٱلتَّنُّورُ قُلْنَا ٱحْمِلْ فِيهَا مِن كُلٍّۢ زَوْجَيْنِ ٱثْنَيْنِ وَأَهْلَكَ إِلَّا مَن سَبَقَ عَلَيْهِ ٱلْقَوْلُ وَمَنْ ءَامَنَ ۚ وَمَآ ءَامَنَ مَعَهُۥٓ إِلَّا قَلِيلٌۭ. ﴿40﴾
41 ਨੂਹ ਨੇ ਕਿਹਾ ਕਿ ਸਾਰੇ (ਈਮਾਨ ਵਾਲੇ) ਇਸ ਬੇੜੀ ਵਿਚ ਸਵਾਰ ਹੋ ਜਾਓ ਇਸ ਦਾ ਚੱਲਣਾ ਤੇ ਠਹਿਰਣਾ ਅੱਲਾਹ ਦੇ ਹੁਕਮ ਨਾਲ ਹੀ ਹੈ। ਹਕੀਕਤ ਵਿਚ ਮੇਰਾ ਪਾਲਣਹਾਰ ਵੱਡਾ ਬਖ਼ਸ਼ਣਹਾਰ ਤੇ ਰਹਿਮ ਫ਼ਰਮਾਉਣ ਵਾਲਾ ਹੈ। ۞ وَقَالَ ٱرْكَبُوا۟ فِيهَا بِسْمِ ٱللَّهِ مَجْر۪ىٰهَا وَمُرْسَىٰهَآ ۚ إِنَّ رَبِّى لَغَفُورٌۭ رَّحِيمٌۭ. ﴿41﴾
42 ਉਹ (ਬੇੜੀ) ਉਹਨਾਂ (ਈਮਾਨ ਵਾਲਿਆਂ) ਨੂੰ ਪਹਾੜ ਵਾਂਗ (ਉੱਚੀਆਂ-ਉੱਚੀਆਂ) ਛੱਲਾਂ ਵਿਚ ਲਈਂ ਜਾ ਰਾਹੀਂ ਸੀ। ਨੂਹ ਨੇ ਆਪਣੇ ਪੁੱਤਰ ਨੂੰ ਪੁਕਾਰਿਆ ਜਿਹੜਾ ਕਿ ਸਭ ਤੋਂ ਅਲੱਗ ਖਲੱਗ ਸੀ ਕਿ ਹੇ ਪੁੱਤਰ! ਸਾਡੇ ਨਾਲ (ਤੂੰ ਵੀ) ਸਵਾਰ ਹੋ ਜਾ ਕਾਫ਼ਿਰਾਂ ਨਾਲ ਨਾ ਰਹਿ। وَهِىَ تَجْرِى بِهِمْ فِى مَوْجٍۢ كَٱلْجِبَالِ وَنَادَىٰ نُوحٌ ٱبْنَهُۥ وَكَانَ فِى مَعْزِلٍۢ يَٰبُنَىَّ ٱرْكَب مَّعَنَا وَلَا تَكُن مَّعَ ٱلْكَٰفِرِينَ. ﴿42﴾
43 ਉਹ (ਪੁੱਤਰ) ਬੋਲਿਆ, ਮੈਂ ਤਾਂ ਹੁਣੇ ਕਿਸੇ ਪਹਾੜ ਦੀ ਸ਼ਰਨ ਲੈੲ ਲਵਾਗਾਂ ਉਹ ਮੈਨੂੰ ਪਾਣੀ ਤੋਂ ਬਚਾ ਲਵੇਗਾ। ਨੂਹ ਨੇ ਆਖਿਆ ਕਿ ਅੱਜ ਅੱਲਾਹ ਦੇ ਹੁਕਮ (ਅਜ਼ਾਬ) ਤੋਂ ਬਚਾਉਣ ਵਾਲਾ ਕੋਈ ਨਹੀਂ ਕੇਵਲ ਉਹੀਓ ਬਚਣਗੇ ਜਿਨ੍ਹਾਂ ’ਤੇ ਅੱਲਾਹ ਦੀ ਮਿਹਰ ਹੋਵੇਗੀ।[4] ਉਸੇ ਸਮੇਂ ਉਹਨਾਂ ਦੋਹਾਂ (ਪਿਓ ਪੁੱਤਰ) ਵਿਚਾਲੇ ਇਕ ਛਲ ਆ ਗਈ ਤਾਂ ਉਹ (ਪੁੱਤਰ ਵੀ) ਡੂਬਣ ਵਾਲਿਆਂ ਵਿਚ ਜਾ ਰਲਿਆ।
[4] ਅੱਲਾਹ ਦੇ ਰਸੂਲ ਨੇ ਫ਼ਰਮਾਇਆ ਕਿ ਜਦੋਂ ਵੀ ਕੋਈ ਖ਼ਲੀਫ਼ਾ ਨਿਯੁਕਤ ਕੀਤਾ ਜਾਂਦਾ ਹੈ ਤਾਂ ਉਸ ਦੇ ਦੋ ਸਲਾਹਕਾਰ ਹੁੰਦੇ ਹਨ ਇਕ ਉਸ ਨੂੰ ਨੇਕੀ ਦਾ ਹੁਕਮ ਦਿੰਦਾ ਹੈ ਅਤੇ ਉਸ ਦੇ ਲਈ ਪ੍ਰੇਰਿਤ ਕਰਦਾ ਹੈ ਜਦੋਂ ਕਿ ਦੂਜਾ ਉਸ ਨੂੰ ਬੁਰਾਈ ਦਾ ਹੁਕਮ ਦਿੰਦਾ ਹੈ ਅਤੇ ਉਸੇ ਲਈ ਪ੍ਰੇਰਿਤ ਕਰਦਾ ਹੈ ਪਰ ਗੁਨਾਹਾਂ ਤੋਂ ਉਹੀਓ ਬਚਿਆ ਰਹਿੰਦਾ ਹੈ ਜਿਸ ਨੂੰ ਅੱਲਾਹ ਬਚਾਵੇ। (ਸਹੀ ਬੁਖ਼ਾਰੀ, ਹਦੀਸ: 6611)
قَالَ سَـَٔاوِىٓ إِلَىٰ جَبَلٍۢ يَعْصِمُنِى مِنَ ٱلْمَآءِ ۚ قَالَ لَا عَاصِمَ ٱلْيَوْمَ مِنْ أَمْرِ ٱللَّهِ إِلَّا مَن رَّحِمَ ۚ وَحَالَ بَيْنَهُمَا ٱلْمَوْجُ فَكَانَ مِنَ ٱلْمُغْرَقِينَ. ﴿43﴾
44 ਆਖਿਆ ਕਿ ਹੇ ਧਰਤੀ! ਤੂੰ ਆਪਣੇ ਪਾਣੀ ਨੂੰ ਨਿਗਲ ਜਾ ਅਤੇ ਹੇ ਅਕਾਸ਼! ਤੂੰ ਰੁੱਕ ਸੋ ਉਸੇ ਸਮੇਂ ਧਰਤੀ ਵਿਚ ਪਾਣੀ ਸਮਾ ਗਿਆ ਅਤੇ ਉਹਨਾਂ ਕਾਫ਼ਿਰਾਂ ਦਾ ਨਿਬੇੜਾ ਕਰ ਦਿੱਤਾ ਗਿਆ ਅਤੇ ਬੇੜੀ ਜੋਦੀ (ਨਾਂ ਦੀ ਪਹਾੜੀ) ’ਤੇ ਜਾ ਟਿਕੀ ਅਤੇ ਆਖ ਦਿੱਤਾ ਗਿਆ ਕਿ ਜ਼ਾਲਮ ਕੌਮ ਲਈ (ਰੱਬ ਦੀ ਰਹਿਮਤ ਤੋਂ) ਦੂਰੀ ਹੈ। وَقِيلَ يَٰٓأَرْضُ ٱبْلَعِى مَآءَكِ وَيَٰسَمَآءُ أَقْلِعِى وَغِيضَ ٱلْمَآءُ وَقُضِىَ ٱلْأَمْرُ وَٱسْتَوَتْ عَلَى ٱلْجُودِىِّ ۖ وَقِيلَ بُعْدًۭا لِّلْقَوْمِ ٱلظَّٰلِمِينَ. ﴿44﴾
45 ਨੂਹ ਨੇ ਆਪਣੇ ਪਾਲਣਹਾਰ ਨੂੰ ਬੇਨਤੀ ਕੀਤੀ ਕਿ ਮੇਰੇ ਰੱਬਾ ਮੇਰਾ ਪੁੱਤਰ ਤਾਂ ਮੇਰੇ ਪਰਿਵਾਰ ਵਿੱਚੋਂ ਹੀ ਹੈ ਅਤੇ ਬੇਸ਼ੱਕ ਤੇਰਾ ਵਾਅਦਾ ਵੀ ਸੱਚਾ ਹੈ ਅਤੇ ਤੂੰ ਸਾਰਿਆਂ ਤੋਂ ਚੰਗੇਰਾ ਫ਼ੈਸਲਾ ਕਰਨ ਵਾਲਾ ਹੈਂ। وَنَادَىٰ نُوحٌۭ رَّبَّهُۥ فَقَالَ رَبِّ إِنَّ ٱبْنِى مِنْ أَهْلِى وَإِنَّ وَعْدَكَ ٱلْحَقُّ وَأَنتَ أَحْكَمُ ٱلْحَٰكِمِينَ. ﴿45﴾
46 ਆਖਿਆ ਕਿ ਹੇ ਨੂਹ! ਉਹ (ਤੇਰਾ ਪੁੱਤਰ) ਤੇਰੇ ਪਰਿਵਾਰ ਵਿੱਚੋਂ ਨਹੀਂ ਹੈ। ਉਸ ਦੀਆਂ ਕਰਤੂਤਾਂ ਤਾਂ ਬਹੁਤ ਹੀ ਭੈੜੀਆਂ ਹਨ। ਤੂੰ ਮੈਥੋਂ ਉਸ ਚੀਜ਼ ਦਾ ਸਵਾਲ ਨਾ ਕਰ ਜਿਸ ਦਾ ਤੁਹਾਨੂੰ ਗਿਆਨ ਨਹੀਂ। ਮੈਂ ਤੈਨੂੰ ਨਸੀਹਤ ਕਰਦਾ ਹਾਂ ਕਿ ਤੂੰ ਜਾਹਲਾਂ ਵਿਚ ਨਾ ਰਲੀਂ। قَالَ يَٰنُوحُ إِنَّهُۥ لَيْسَ مِنْ أَهْلِكَ ۖ إِنَّهُۥ عَمَلٌ غَيْرُ صَٰلِحٍۢ ۖ فَلَا تَسْـَٔلْنِ مَا لَيْسَ لَكَ بِهِۦ عِلْمٌ ۖ إِنِّىٓ أَعِظُكَ أَن تَكُونَ مِنَ ٱلْجَٰهِلِينَ. ﴿46﴾
47 (ਨੂਹ) ਨੇ ਕਿਹਾ ਕਿ ਹੇ ਮੇਰੇ ਪਾਲਣਹਾਰ! ਮੈਂ ਤੇਰੀ ਸ਼ਰਨ ਵਿਚ ਆਉਣਾ ਹਾਂ ਇਸ ਗੱਲ ਤੋਂ ਕਿ ਮੈਂ ਤੁਹਾਥੋਂ ਉਹ ਚੀਜ਼ ਮੰਗਾ ਜਿਸ ਦਾ ਮੈਨੂੰ ਉੱਕਾ ਹੀ ਗਿਆਨ ਨਹੀਂ। ਜੇ ਤੂੰ ਮੈਨੂੰ ਨਹੀਂ ਬਖ਼ਸ਼ੇਗਾ ਅਤੇ ਮੇਰੇ ’ਤੇ ਮਿਹਰਾਂ ਨਹੀਂ ਕਰੇਗਾ ਤਾਂ ਮੈਂ ਘਾਟੇ ਵਿਚ ਰਹਿਣ ਵਾਲਿਆਂ ਵਿਚ ਹੋ ਜਾਵਾਂਗਾ। قَالَ رَبِّ إِنِّىٓ أَعُوذُ بِكَ أَنْ أَسْـَٔلَكَ مَا لَيْسَ لِى بِهِۦ عِلْمٌۭ ۖ وَإِلَّا تَغْفِرْ لِى وَتَرْحَمْنِىٓ أَكُن مِّنَ ٱلْخَٰسِرِينَ. ﴿47﴾
48 (ਜਦੋਂ ਤੂਫਾਨ ਦਾ ਜ਼ੋਰ ਜਾਂਦਾ ਰਿਹਾ ਫੇਰ) ਆਖਿਆ ਗਿਆ ਕਿ ਹੇ ਨੂਹ! ਤੂੰ ਸਾਡੇ ਵੱਲੋਂ ਉਹਨਾਂ ਬਰਕਤਾਂ ਤੇ ਸਲਾਮਤੀ ਨਾਲ (ਬੇੜੀ ਵਿੱਚੋਂ) ਉੱਤਰ ਜਾ ਜਿਹੜੀਆਂ (ਬਰਕਤਾਂ) ਤੇਰੇ ’ਤੇ ਅਤੇ ਤੇਰੇ ਨਾਲ ਦੀਆਂ ਜਮਾਅਤਾਂ ਉੱਤੇ ਨਾਜ਼ਿਲ ਕੀਤੀਆਂ ਗਈਆਂ ਹਨ। ਹੋਰ ਵੀ ਕੁੱਝ ਜਮਾਅਤਾਂ (ਉੱਮਤਾਂ) ਹੋਣਗੀਆਂ ਜਿਨ੍ਹਾਂ ਨੂੰ ਅਸੀਂ ਸੰਸਾਰ ਵਿਚ ਜ਼ਰੂਰ ਹੀ ਲਾਭ ਪਚਾਵਾਂਗੇ ਪਰ ਫੇਰ ਉਹਨਾਂ ਨੂੰ ਸਾਡੇ ਵੱਲੋਂ ਬੜਾ ਹੀ ਕਰੜਾ ਅਜ਼ਾਬ ਆਵੇਗਾ। قِيلَ يَٰنُوحُ ٱهْبِطْ بِسَلَٰمٍۢ مِّنَّا وَبَرَكَٰتٍ عَلَيْكَ وَعَلَىٰٓ أُمَمٍۢ مِّمَّن مَّعَكَ ۚ وَأُمَمٌۭ سَنُمَتِّعُهُمْ ثُمَّ يَمَسُّهُم مِّنَّا عَذَابٌ أَلِيمٌۭ. ﴿48﴾
49 (ਹੇ ਨਬੀ!) ਇਹ ਸਾਰੀਆਂ ਗ਼ੈਬ (ਪਰੋਖ) ਦੀਆਂ ਖ਼ਬਰਾਂ ਹਨ ਜਿਹੜੀਆਂ ਅਸੀਂ ਤੁਹਾਡੇ ਵੱਲ ਵਹੀ ਕਰਦੇ ਹਾਂ। ਇਹਨਾਂ ਖ਼ਬਰਾਂ ਨੂੰ ਇਸ ਤੋਂ ਪਹਿਲਾਂ ਨਾ ਹੀ ਤੁਸੀਂ ਜਾਣਦੇ ਸੀ ਅਤੇ ਨਾ ਹੀ ਤੁਹਾਡੀ ਕੌਮ (ਮੱਕੇ ਵਾਲੇ) ਜਾਣਦੇ ਸੀ। ਸੋ ਤੁਸੀਂ (ਇਹਨਾਂ ਦੇ ਇਨਕਾਰ ਕਰਨ ’ਤੇ) ਧੀਰਜ ਤੋਂ ਕੰਮ ਲਵੋ। ਅੰਤ ਭਲਾ ਉਹਨਾਂ ਲੋਕਾਂ ਦਾ ਹੀ ਹੈ ਜਿਹੜੇ ਪਰਹੇਜ਼ਗਾਰ ਹਨ।[5]
[5] ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 2/2
تِلْكَ مِنْ أَنۢبَآءِ ٱلْغَيْبِ نُوحِيهَآ إِلَيْكَ ۖ مَا كُنتَ تَعْلَمُهَآ أَنتَ وَلَا قَوْمُكَ مِن قَبْلِ هَٰذَا ۖ فَٱصْبِرْ ۖ إِنَّ ٱلْعَٰقِبَةَ لِلْمُتَّقِينَ. ﴿49﴾
50 ਅਸੀਂ ਆਦ ਕੌਮ ਵੱਲ ਉਹਨਾਂ ਦੇ ਭਰਾ ਹੂਦ ਨੂੰ ਭੇਜਿਆ। ਉਸ (ਹੂਦ) ਨੇ ਕਿਹਾ ਕਿ ਹੇ ਮੇਰੀ ਕੌਮ! ਤੁਸੀਂ ਅੱਲਾਹ ਹੀ ਦੀ ਇਬਾਦਤ ਕਰੋ, ਉਸ ਤੋਂ ਛੁੱਟ ਤੁਹਾਡਾ ਹੋਰ ਕੋਈ ਇਸ਼ਟ ਨਹੀਂ, ਤੁਸੀਂ ਤਾਂ ਨਿਰਾ ਝੂਠ ਘੜ੍ਹਣ ਵਾਲੇ ਹੋ। وَإِلَىٰ عَادٍ أَخَاهُمْ هُودًۭا ۚ قَالَ يَٰقَوْمِ ٱعْبُدُوا۟ ٱللَّهَ مَا لَكُم مِّنْ إِلَٰهٍ غَيْرُهُۥٓ ۖ إِنْ أَنتُمْ إِلَّا مُفْتَرُونَ. ﴿50﴾
51 ਹੇ ਮੇਰੀ ਕੌਮ! ਮੈਂ ਤੁਹਾਥੋਂ ਇਸ (ਸਿੱਖਿਆ ਦੇਣ) ਦਾ ਕੋਈ ਬਦਲਾ ਨਹੀਂ ਮੰਗਦਾ ਮੇਰਾ ਬਦਲਾ ਤਾਂ ਉਸ ਦੇ ਜ਼ਿੰਮੇ ਹੈ ਜਿਸ ਨੇ ਮੈਨੂੰ ਪੈੇਦਾ ਕੀਤਾ ਹੈ। ਕੀ ਤੁਸੀਂ ਫੇਰ ਵੀ ਅਕਲ ਤੋਂ ਕੰਮ ਨਹੀਂ ਲੈਂਦੇ ? يَٰقَوْمِ لَآ أَسْـَٔلُكُمْ عَلَيْهِ أَجْرًا ۖ إِنْ أَجْرِىَ إِلَّا عَلَى ٱلَّذِى فَطَرَنِىٓ ۚ أَفَلَا تَعْقِلُونَ. ﴿51﴾
52 (ਅਤੇ ਕਿਹਾ ਕਿ) ਹੇ ਮੇਰੀ ਕੌਮ! ਤੁਸੀਂ ਆਪਣੇ ਰੱਬ (ਪਾਲਣਹਾਰ) ਤੋਂ ਆਪਣੇ ਗੁਨਾਹਾਂ ਦੀ ਮੁਆਫ਼ੀ ਮੰਗੋ ਅਤੇ ਉਸ ਦੇ ਹਜ਼ੂਰ ਤੌਬਾ ਕਰੋ ਉਹ (ਅੱਲਾਹ) ਤੁਹਾਡੇ ਲਈ ਅਕਾਸ਼ ਤੋਂ (ਰਹਿਮਤਾਂ ਭਰੇ) ਬੱਦਲ ਭੇਜੇਗਾ ਅਤੇ ਤੁਹਾਡੀ ਵਰਤਮਾਨ ਸ਼ਕਤੀ ਵਿਚ ਹੋਰ ਵਧੇਰੇ ਵਾਧਾ ਕਰੇਗਾ। ਸੋ ਤੁਸੀਂ ਅਪਰਾਧੀ ਬਣ ਕੇ (ਹੱਕ ਤੋਂ) ਮੂੰਹ ਨਾ ਮੋੜੋ। وَيَٰقَوْمِ ٱسْتَغْفِرُوا۟ رَبَّكُمْ ثُمَّ تُوبُوٓا۟ إِلَيْهِ يُرْسِلِ ٱلسَّمَآءَ عَلَيْكُم مِّدْرَارًۭا وَيَزِدْكُمْ قُوَّةً إِلَىٰ قُوَّتِكُمْ وَلَا تَتَوَلَّوْا۟ مُجْرِمِينَ. ﴿52﴾
53 ਕੌਮ ਨੇ ਜਵਾਬ ਵਿਚ ਕਿਹਾ ਕਿ ਹੇ ਹੂਦ! ਤੂੰ ਸਾਡੇ ਕੋਲ (ਆਪਣੇ ਨਬੀ ਹੋਣ ਦੀ) ਕੋਈ ਦਲੀਲ ਤਾਂ ਲਿਆਇਆ ਨਹੀਂ, ਅਸੀਂ ਕੇਵਲ ਤੇਰੇ ਆਖਣ ’ਤੇ ਆਪਣੇ ਇਸ਼ਟਾਂ ਨੂੰ ਨਹੀਂ ਛੱਡਣ ਵਾਲੇ ਅਤੇ ਨਾ ਹੀ ਅਸੀਂ ਤੇਰੇ ਉੱਤੇ ਈਮਾਨ ਲਿਆਉਣ ਵਾਲੇ ਹਾਂ। قَالُوا۟ يَٰهُودُ مَا جِئْتَنَا بِبَيِّنَةٍۢ وَمَا نَحْنُ بِتَارِكِىٓ ءَالِهَتِنَا عَن قَوْلِكَ وَمَا نَحْنُ لَكَ بِمُؤْمِنِينَ. ﴿53﴾
54 ਸਗੋਂ ਅਸੀਂ ਤਾਂ ਇਹੋ ਸਮਝਦੇ ਹਾਂ ਕਿ ਸਾਡੇ ਕਿਸੇ ਇਸ਼ਟ ਨੇ ਤੇਰੀ ਅਕਲ ਮਾਰ ਛੱਡੀ ਹੈ। ਹੂਦ ਨੇ ਆਖਿਆ ਕਿ ਮੈਂ ਤਾਂ ਅੱਲਾਹ ਨੂੰ ਗਵਾਹ ਬਣਾਉਂਦਾ ਹਾਂ ਅਤੇ ਤੁਸੀਂ ਵੀ ਗਵਾਹ ਰਹੋ ਕਿ ਮੈਂ ਤਾਂ ਛੁੱਟ ਅੱਲਾਹ ਤੋਂ ਇਹਨਾਂ ਸਭ (ਇਸ਼ਟਾਂ) ਤੋਂ ਅਬਾਜ਼ਾਰ ਹਾਂ ਜਿਨ੍ਹਾਂ ਨੂੰ ਤੁਸੀਂ ਰੱਬ ਦਾ ਸਾਂਝੀ ਬਣਾਉਂਦੇ ਹੋ। إِن نَّقُولُ إِلَّا ٱعْتَرَىٰكَ بَعْضُ ءَالِهَتِنَا بِسُوٓءٍۢ ۗ قَالَ إِنِّىٓ أُشْهِدُ ٱللَّهَ وَٱشْهَدُوٓا۟ أَنِّى بَرِىٓءٌۭ مِّمَّا تُشْرِكُونَ. ﴿54﴾
55 ਛੁੱਟ ਅੱਲਾਹ ਤੋਂ ਤੁਸੀਂ ਸਾਰੇ ਰਲ ਮਿਲ ਕੇ ਮੈਨੂੰ ਹਾਣ ਪਹੁੰਚਉਣ ਦੀਆਂ ਯੋਜਨਾਵਾਂ ਬਣਾ ਲਓ, ਫੇਰ ਮੈਨੂੰ ਉੱਕਾ ਹੀ ਮੋਹਲਤ ਨਾ ਦਈਓ। مِن دُونِهِۦ ۖ فَكِيدُونِى جَمِيعًۭا ثُمَّ لَا تُنظِرُونِ. ﴿55﴾
56 ਬੇਸ਼ੱਕ! ਮੇਰਾ ਭਰੋਸਾ ਤਾਂ ਅੱਲਾਹ ’ਤੇ ਹੀ ਹੈ ਜਿਹੜਾ ਮੇਰਾ ਵੀ ਤੇ ਤੁਹਾਡਾ ਸਭ ਦਾ ਪਾਲਣਹਾਰ ਹੈ। (ਧਰਤੀ ਉੱਤੇ) ਚੱਲਣ ਵਾਲਾ ਕੋਈ ਵੀ (ਪ੍ਰਾਣੀ) ਅਜਿਹਾ ਨਹੀਂ ਜਿਸ ਨੂੰ ਉਸ ਨੇ ਬੋਦੀ ਤੋਂ ਨਾ ਫੜ ਰੱਖਿਆ ਹੋਵੇ। ਨਿਰਸੰਦੇਹ, ਮੇਰਾ ਪਾਲਣਹਾਰ ਸਿੱਧੀ ਰਾਹ ’ਤੇ ਹੈ। إِنِّى تَوَكَّلْتُ عَلَى ٱللَّهِ رَبِّى وَرَبِّكُم ۚ مَّا مِن دَآبَّةٍ إِلَّا هُوَ ءَاخِذٌۢ بِنَاصِيَتِهَآ ۚ إِنَّ رَبِّى عَلَىٰ صِرَٰطٍۢ مُّسْتَقِيمٍۢ. ﴿56﴾
57 ਹਾਂ ਜੇ ਤੁਸੀਂ (ਹੱਕ ਤੋਂ) ਮੂੰਹ ਮੋੜੋਗੇ ਤਾਂ ਮੈਂ ਤੁਹਾਨੂੰ ਉਹ ਸੁਨੇਹਾਂ ਦੇ ਚੁੱਕਿਆ ਹਾਂ ਜਿਹੜਾ ਤੁਹਾਡੇ ਵੱਲ ਦੇ ਕੇ ਮੈਨੂੰ ਭੇਜਿਆ ਗਿਆ ਸੀ। ਮੇਰਾ ਰੱਬ ਇਕ ਹੋਰ ਕੌਮ ਨੂੰ ਤੁਹਾਡਾ ਜਾਨਸ਼ੀਨ ਬਣਾ ਦੇਵੇਗਾ ਅਤੇ ਤੁਸੀਂ ਉਸ (ਰੱਬ) ਦਾ ਕੁੱਝ ਵੀ ਵਿਗਾੜ ਨਹੀਂ ਸਕੋਗੇ। ਵਾਸਤਵ ਵਿਚ ਮੇਰਾ ਰੱਬ ਹੀ ਹਰ ਚੀਜ਼ ਦੀ ਨਿਗਰਾਨੀ ਕਰਦਾ ਹੈ। فَإِن تَوَلَّوْا۟ فَقَدْ أَبْلَغْتُكُم مَّآ أُرْسِلْتُ بِهِۦٓ إِلَيْكُمْ ۚ وَيَسْتَخْلِفُ رَبِّى قَوْمًا غَيْرَكُمْ وَلَا تَضُرُّونَهُۥ شَيْـًٔا ۚ إِنَّ رَبِّى عَلَىٰ كُلِّ شَىْءٍ حَفِيظٌۭ. ﴿57﴾
58 ਜਦੋਂ ਸਾਡਾ ਅਜ਼ਾਬ ਆ ਗਿਆ ਤਾਂ ਅਸਾਂ ਹੂਦ ਤੇ ਉਸ ਦੇ ਈਮਾਨ ਵਾਲੇ (ਆਗਿਆਕਾਰੀ) ਸਾਥੀਆਂ ਨੂੰ ਆਪਣੀ ਖ਼ਾਸ ਮਿਹਰਾਂ ਸਦਕੇ (ਕੁਰਾਹੇ ਪੈਣ ਤੋਂ) ਬਚਾ ਲਿਆ ਅਤੇ ਅਸੀਂ ਉਹਨਾਂ ਸਭ ਨੂੰ ਕਰੜੇ ਅਜ਼ਾਬ ਤੋਂ ਬਚਾ ਲਿਆ। وَلَمَّا جَآءَ أَمْرُنَا نَجَّيْنَا هُودًۭا وَٱلَّذِينَ ءَامَنُوا۟ مَعَهُۥ بِرَحْمَةٍۢ مِّنَّا وَنَجَّيْنَٰهُم مِّنْ عَذَابٍ غَلِيظٍۢ. ﴿58﴾
59 ਅਤੇ ਵੇਖੋ ਇਹ ਕੌਮੇ-ਆਦ ਸੀ, ਜਿਸ ਨੇ ਆਪਣੇ ਰੱਬ ਦੀਆਂ ਆਇਤਾਂ (ਹੁਕਮਾਂ) ਦਾ ਇਨਕਾਰ ਅਤੇ ਅੱਲਾਹ ਦੇ ਰਸੂਲਾਂ ਦੀ ਨਾ-ਫ਼ਰਮਾਨੀ ਕੀਤੀ ਸੀ ਅਤੇ ਹਰੇਕ ਸਰਕਸ਼ (ਰੱਬ ਦੇ ਬਾਗ਼ੀ) ਤੇ (ਸੱਚਾਈ ਨਾਲ) ਵੈਰ ਰੱਖਣ ਵਾਲੇ ਦਾ ਕਹਿਣਾ ਮੰਨਿਆਂ। وَتِلْكَ عَادٌۭ ۖ جَحَدُوا۟ بِـَٔايَٰتِ رَبِّهِمْ وَعَصَوْا۟ رُسُلَهُۥ وَٱتَّبَعُوٓا۟ أَمْرَ كُلِّ جَبَّارٍ عَنِيدٍۢ. ﴿59﴾
60 ਉਹਨਾਂ ਦੇ ਪਿੱਛੇ ਇਸ ਸੰਸਾਰ ਦੀ ਵੀ ਅਤੇ ਕਿਆਮਤ ਦਿਹਾੜੇ ਦੀ ਵੀ ਲਾਅਨਤ ਲੱਗੀ ਰਹੇਗੀ। ਵੇਖੋ ਆਦ ਦੀ ਕੌਮ ਨੇ ਆਪਣੇ ਰੱਬ ਦਾ ਇਨਕਾਰ ਕੀਤਾ। ਸੁਣੋਂ! ਹੂਦ ਦੀ ਕੌਮ ਆਦ ਉੱਤੇ ਲਾਅਨਤ ਹੈ। وَأُتْبِعُوا۟ فِى هَٰذِهِ ٱلدُّنْيَا لَعْنَةًۭ وَيَوْمَ ٱلْقِيَٰمَةِ ۗ أَلَآ إِنَّ عَادًۭا كَفَرُوا۟ رَبَّهُمْ ۗ أَلَا بُعْدًۭا لِّعَادٍۢ قَوْمِ هُودٍۢ. ﴿60﴾
61 ਅਸੀਂ ਸਮੂਦ (ਦੀ ਕੌਮ) ਵੱਲ ਉਹਨਾਂ ਦੇ ਭਰਾ ਸਾਲੇਹ ਨੂੰ (ਨਬੀ ਬਣਾਕੇ) ਭੇਜਿਆ ਉਹਨਾਂ ਨੇ ਆਪਣੀ ਕੌਮ ਨੂੰ ਆਖਿਆ ਕਿ ਤੁਸੀਂ ਸਾਰੇ ਅੱਲਾਹ ਦੀ ਇਬਾਦਤ ਕਰੋ, ਉਸ ਤੋਂ ਛੁੱਟ ਤੁਹਾਡਾ ਹੋਰ ਕੋਈ ਇਸ਼ਟ ਨਹੀਂ। ਉਸੇ ਨੇ ਤੁਹਾਨੂੰ ਧਰਤੀ (ਮਿੱਟੀ) ਤੋਂ ਪੈਦਾ ਕੀਤਾ ਅਤੇ ਉਸੇ ਨੇ ਇਸ ਧਰਤੀ ਉੱਤੇ ਤੁਹਾਨੂੰ ਵਸਾਇਆ ਹੈ। ਉਸੇ ਤੋਂ ਹੀ ਆਪਣੇ ਗੁਨਾਹਾਂ ਦੀ ਮੁਆਫ਼ੀ ਮੰਗੋ ਅਤੇ ਉਸੇ ਵੱਲ ਪਰਤ ਆਓ ! ਬੇਸ਼ੱਕ ਮੇਰਾ ਰੱਬ ਤੁਹਾਡੇ ਨੇੜੇ ਹੀ ਹੈ ਤੇ ਦੁਆਵਾਂ ਨੂੰ ਕਬੂਲਣ ਵਾਲਾ ਹੈ। ۞ وَإِلَىٰ ثَمُودَ أَخَاهُمْ صَٰلِحًۭا ۚ قَالَ يَٰقَوْمِ ٱعْبُدُوا۟ ٱللَّهَ مَا لَكُم مِّنْ إِلَٰهٍ غَيْرُهُۥ ۖ هُوَ أَنشَأَكُم مِّنَ ٱلْأَرْضِ وَٱسْتَعْمَرَكُمْ فِيهَا فَٱسْتَغْفِرُوهُ ثُمَّ تُوبُوٓا۟ إِلَيْهِ ۚ إِنَّ رَبِّى قَرِيبٌۭ مُّجِيبٌۭ. ﴿61﴾
62 ਉਹਨਾਂ (ਕੌਮੇ-ਸਮੂਦ) ਨੇ ਆਖਿਆ ਕਿ ਹੇ ਸਾਲੇਹ! ਇਸ ਤੋਂ ਪਹਿਲਾਂ ਤੂੰ ਸਾਡੀਆਂ ਆਸਾਂ ਦਾ ਕੇਂਦਰ ਸੀ, ਕੀ ਤੂੰ ਸਾਨੂੰ ਉਹਨਾਂ ਇਸ਼ਟਾਂ ਦੀ ਇਬਾਦਤ ਤੋਂ ਰੋਕਦਾ ਹੈ ਜਿਨ੍ਹਾਂ ਦੀ ਇਬਾਦਤ ਸਾਡੇ ਪਿਓ ਦਾਦੇ ਕਰਦੇ ਸਨ। ਜਿਸ ਚੀਜ਼ (ਇਕ ਰੱਬ) ਵੱਲ ਤੂੰ ਸਾਨੂੰ ਬੁਲਾ ਰਿਹਾ ਹੈ ਸਾਨੂੰ ਤਾਂ ਉਸ ਦੇ ਪ੍ਰਤੀ ਸ਼ੰਕਾ ਹੈ ਜੋ ਸਾਡੀ ਦੁਬਿਧਾ ਦਾ ਕਾਰਨ ਹੈ। قَالُوا۟ يَٰصَٰلِحُ قَدْ كُنتَ فِينَا مَرْجُوًّۭا قَبْلَ هَٰذَآ ۖ أَتَنْهَىٰنَآ أَن نَّعْبُدَ مَا يَعْبُدُ ءَابَآؤُنَا وَإِنَّنَا لَفِى شَكٍّۢ مِّمَّا تَدْعُونَآ إِلَيْهِ مُرِيبٍۢ. ﴿62﴾
63 ਉਸ (ਸਾਲੇਹ) ਨੇ ਕਿਹਾ ਕਿ ਹੇ ਮੇਰੀ ਕੌਮ ਵਾਲਿਓ! ਰਤਾ ਦੱਸੋ ਤਾਂ ਸਹੀ ਜੇ ਮੈਂ ਆਪਣੇ ਰੱਬ ਵੱਲ ਕਿਸੇ (ਠੋਸ) ਦਲੀਲ ’ਤੇ ਹੋਵਾਂ ਅਤੇ ਉਸ ਨੇ ਮੈਨੂੰ (ਵਿਸ਼ੇਸ਼) ਮਿਹਰ (ਭਾਵ ਨਬੁੱਵਤ) ਬਖ਼ਸ਼ੀ ਹੋਵੇ ਫੇਰ ਜੇ ਮੈਂ ਉਸ ਦੀ ਨਾ-ਫ਼ਰਮਾਨੀ ਕਰਾਂ ਤਾਂ ਅੱਲਾਹ ਦੇ ਅਜ਼ਾਬ ਤੋਂ ਮੈਨੂੰ ਕੌਣ ਬਚਾਵੇਗਾ? ਤੁਸੀਂ ਤਾਂ ਮੇਰੇ ਨੁਕਸਾਨ ਵਿਚ ਵਾਧਾ ਕਰ ਰਹੇ ਹੋ। قَالَ يَٰقَوْمِ أَرَءَيْتُمْ إِن كُنتُ عَلَىٰ بَيِّنَةٍۢ مِّن رَّبِّى وَءَاتَىٰنِى مِنْهُ رَحْمَةًۭ فَمَن يَنصُرُنِى مِنَ ٱللَّهِ إِنْ عَصَيْتُهُۥ ۖ فَمَا تَزِيدُونَنِى غَيْرَ تَخْسِيرٍۢ. ﴿63﴾
64 (ਸਾਲੇਹ ਨੇ ਕਿਹਾ ਕਿ) ਹੇ ਮੇਰੀ ਕੌਮ! ਇਹ ਵੇਖੋ ਇਹ ਊਠਣੀ ਤੁਹਾਡੇ ਲਈ ਅੱਲਾਹ ਦੀ ਨਿਸ਼ਾਨੀ (ਵਜੋਂ) ਹੈ। ਸੋ ਤੁਸੀਂ ਇਸ ਨੂੰ ਰੱਬ ਦੀ ਧਰਤੀ ’ਤੇ ਚਰਣ-ਚੁਗਣ ਲਈ ਛੱਡ ਦਿਓ, ਤੁਸੀਂ ਇਸ ਨਾਲ ਬੁਰੇ ਇਰਾਦੇ ਨਾਲ ਰਤਾ ਵੀ ਛੇੜ ਛਾੜ ਨਾ ਕਰੀਓ, ਨਹੀਂ ਤਾਂ ਤੁਹਾਨੂੰ ਛੇਤੀ ਹੀ ਅਜ਼ਾਬ ਆ ਨੱਪੇਗਾ। وَيَٰقَوْمِ هَٰذِهِۦ نَاقَةُ ٱللَّهِ لَكُمْ ءَايَةًۭ فَذَرُوهَا تَأْكُلْ فِىٓ أَرْضِ ٱللَّهِ وَلَا تَمَسُّوهَا بِسُوٓءٍۢ فَيَأْخُذَكُمْ عَذَابٌۭ قَرِيبٌۭ. ﴿64﴾
65 ਪਰ ਉਹਨਾਂ ਨੇ ਉਹਦੀਆਂ ਟੰਗਾਂ ਵੱਡ ਸੁੱਟੀਆਂ। ਇਸ ’ਤੇ ਸਾਲੇਹ ਨੇ ਚਿਤਾਵਣੀ ਦਿੱਤੀ ਕਿ ਚੰਗਾ ਹੁਣ ਤੁਸੀਂ ਆਪਣੇ ਆਪਣੇ ਘਰਾਂ ਵਿਚ ਤਿੰਨ ਤਿੰਨ ਦਿਨ ਹੋਰ ਰਸ ਵਸ ਲਓ। (ਤੁਹਾਡੇ ’ਤੇ ਅਜ਼ਾਬ ਆਉਣ ਵਾਲਾ ਹੈ) ਇਹ ਅਜਿਹਾ ਵਾਅਦਾ ਹੈ ਜਿਹੜਾ ਝੂਠਾ ਸਿੱਧ ਨਹੀਂ ਹੋਵੇਗਾ। فَعَقَرُوهَا فَقَالَ تَمَتَّعُوا۟ فِى دَارِكُمْ ثَلَٰثَةَ أَيَّامٍۢ ۖ ذَٰلِكَ وَعْدٌ غَيْرُ مَكْذُوبٍۢ. ﴿65﴾
66 ਜਦੋਂ ਸਾਡਾ ਹੁਕਮ (ਅਜ਼ਾਬ) ਆ ਗਿਆ ਤਾਂ ਫੇਰ ਅਸੀਂ ਸਾਲੇਹ ਅਤੇ ਉਸ ਦੇ ਈਮਾਨ ਲਿਆਉਣ ਵਾਲਿਆਂ ਨੂੰ ਆਪਣੀ ਮਿਹਰਾਂ ਸਦਕੇ ਅਜ਼ਾਬ ਤੋਂ ਬਚਾ ਲਿਆ ਅਤੇ ਉਸ (ਕਿਆਮਤ ਦਿਹਾੜੇ ਦੇ ਅਜ਼ਾਬ) ਤੋਂ ਵੀ ਬਚਾ ਲਿਆ। ਬੇਸ਼ੱਕ ਤੇਰਾ ਰੱਬ ਹੀ ਅਸਲ ਵਿਚ ਸਰਵ ਸ਼ਕਤੀਮਾਨ ਤੇ ਜ਼ੋਰਾਵਰ ਹੈ। فَلَمَّا جَآءَ أَمْرُنَا نَجَّيْنَا صَٰلِحًۭا وَٱلَّذِينَ ءَامَنُوا۟ مَعَهُۥ بِرَحْمَةٍۢ مِّنَّا وَمِنْ خِزْىِ يَوْمِئِذٍ ۗ إِنَّ رَبَّكَ هُوَ ٱلْقَوِىُّ ٱلْعَزِيزُ. ﴿66﴾
67 ਅਤੇ ਜ਼ਾਲਮਾਂ ਨੂੰ ਇਕ ਕੜਾਕੇਦਾਰ ਧਮਾਕੇ ਨੇ ਨੱਪ ਲਿਆ ਫੇਰ ਤਾਂ ਉਹ ਆਪਣੇ ਘਰਾਂ ਵਿਚ ਉਲਟੇ ਮੂੰਹ ਡਿਗੇ ਰਹਿ ਗਏ। وَأَخَذَ ٱلَّذِينَ ظَلَمُوا۟ ٱلصَّيْحَةُ فَأَصْبَحُوا۟ فِى دِيَٰرِهِمْ جَٰثِمِينَ. ﴿67﴾
68 (ਉਸ ਬਸਤੀ ਵਿਚ ਇੰਜ ਲੱਗਦਾ ਸੀ) ਜਿਵੇਂ ਕਿ ਉਹ ਉੱਥੇ ਕਦੇ ਵਸੇ ਹੀ ਨਹੀਂ ਸੀ ਸਾਵਧਾਨ ਰਹੋ। ਕਿ ਬੇਸ਼ੱਕ ਕੌਮੇ-ਸਮੂਦ ਨੇ ਆਪਣੇ ਰੱਬ ਨਾਲ ਕੁਫ਼ਰ ਕੀਤਾ, ਇਹਨਾਂ ਸਮੂਦੀਆਂ ’ਤੇ ਫ਼ਿਟਕਾਰ ਹੈ। كَأَن لَّمْ يَغْنَوْا۟ فِيهَآ ۗ أَلَآ إِنَّ ثَمُودَا۟ كَفَرُوا۟ رَبَّهُمْ ۗ أَلَا بُعْدًۭا لِّثَمُودَ. ﴿68﴾
69 ਨਿਰਸੰਦੇਹ! ਸਾਡੇ ਭੇਜੇ ਹੋਏ (ਫ਼ਰਿਸ਼ਤੇ) ਇਬਰਾਹੀਮ ਕੋਲ ਖ਼ੁਸ਼ਖ਼ਬਰੀ ਲੈਕੇ ਆਏ ਤੇ ਆਖਿਆ ਕਿ ਤੁਹਾਡੇ ’ਤੇ ਸਲਾਮ ਹੋਵੇ। ਉਹਨਾਂ (ਇਬਰਾਹੀਮ) ਨੇ ਵੀ ਜਵਾਬ ਵਿਚ ਸਲਾਮ ਕਿਹਾ ਅਤੇ ਬਿਨਾਂ ਦੇਰੀ ਕੀਤੇ ਭੁੱਜਾ ਹੋਇਆ ਵੱਛਾ (ਉਹਨਾਂ ਲਈ) ਲਿਆਏ। وَلَقَدْ جَآءَتْ رُسُلُنَآ إِبْرَٰهِيمَ بِٱلْبُشْرَىٰ قَالُوا۟ سَلَٰمًۭا ۖ قَالَ سَلَٰمٌۭ ۖ فَمَا لَبِثَ أَن جَآءَ بِعِجْلٍ حَنِيذٍۢ. ﴿69﴾
70 ਜਦੋਂ ਵੇਖਿਆ ਕਿ ਉਹਨਾਂ (ਫ਼ਰਿਸ਼ਤਿਆਂ) ਦੇ ਹੱਥ ਉਸ (ਭੋਜਨ) ਵੱਲ ਵਧ ਹੀ ਨਹੀਂ ਰਹੇ ਤਾਂ (ਇਬਰਾਹੀਮ) ਉਹਨਾਂ ਨੂੰ ਅਜਨਬੀ ਸਮਝ ਕੇ ਮਨ ਹੀ ਮਨ ਵਿਚ ਉਹਨਾਂ ਤੋਂ ਭੈ-ਭੀਤ ਹੋ ਗਿਆ। (ਇਹ ਵੇਖ) ਉਹਨਾਂ (ਫ਼ਰਿਸ਼ਤਿਆਂ) ਨੇ ਕਿਹਾ ਕਿ ਸਾਥੋਂ ਨਾ ਡਰੋ ਅਸੀਂ ਤਾਂ ਲੂਤ ਦੀ ਕੌਮ ਵੱਲ ਘੱਲੇ ਗਏ ਹਾਂ। فَلَمَّا رَءَآ أَيْدِيَهُمْ لَا تَصِلُ إِلَيْهِ نَكِرَهُمْ وَأَوْجَسَ مِنْهُمْ خِيفَةًۭ ۚ قَالُوا۟ لَا تَخَفْ إِنَّآ أُرْسِلْنَآ إِلَىٰ قَوْمِ لُوطٍۢ. ﴿70﴾
71 ਉਹਨਾਂ (ਇਬਰਾਹੀਮ) ਦੀ ਪਤਨੀ (ਬੀਬੀ ਸਾਰਾ) ਜਿਹੜੀ ਉੱਥੇ ਹੀ ਖੜੀ ਸੀ (ਇਬਰਾਹੀਮ ਦੀ ਭੈਅ ਭੀਤ ਹਾਲਤ ਵੇਖ ਕੇ) ਹੱਸਣ ਲੱਗੀ ਤਾਂ ਅਸੀਂ (ਉਹਨਾਂ ਫ਼ਰਿਸ਼ਤਿਆਂ ਰਾਹੀਂ) ਉਸ ਨੂੰ ਇਸਹਾਕ ਅਤੇ ਇਸਹਾਕ ਮਗਰੋਂ ਯਾਕੂਬ (ਨੂੰ ਨਬੀ ਬਣਾਉਣ) ਦੀ ਖ਼ੁਸ਼ਖ਼ਬਰੀ ਸੁਣਾਈ। وَٱمْرَأَتُهُۥ قَآئِمَةٌۭ فَضَحِكَتْ فَبَشَّرْنَٰهَا بِإِسْحَٰقَ وَمِن وَرَآءِ إِسْحَٰقَ يَعْقُوبَ. ﴿71﴾
72 (ਇਬਰਾਹੀਮ ਦੀ ਪਤਨੀ ਸਾਰਾ) ਆਖਣ ਲੱਗੀ ਕਿ (ਹਾਇ ਲੋਹੜਾ) ਮੇਰੇ ਔਲਾਦ ਕਿਵੇਂ ਹੋਵੇਗੀ ਜਦੋਂ ਕਿ ਮੈਂ ਬੁੱਢੀ ਹੋ ਗਈ ਹਾਂ ਅਤੇ ਮੇਰਾ ਪਤੀ ਵੀ ਬਹੁਤ ਬੁੱਢਾ ਹੈ। ਇਹ ਤਾਂ ਬਹੁਤ ਹੀ ਹੈਰਾਨੀ ਦੀ ਗੱਲ ਹੈ। قَالَتْ يَٰوَيْلَتَىٰٓ ءَأَلِدُ وَأَنَا۠ عَجُوزٌۭ وَهَٰذَا بَعْلِى شَيْخًا ۖ إِنَّ هَٰذَا لَشَىْءٌ عَجِيبٌۭ. ﴿72﴾
73 (ਫ਼ਰਿਸ਼ਤਿਆਂ ਨੇ) ਕਿਹਾ, ਕੀ ਤੂੰ ਅੱਲਾਹ ਦੇ ਹੁਕਮ ’ਤੇ ਹੈਰਾਨ ਹੋ ਰਹੀ ਹੈ ? ਹੇ ਇਸ ਘਰ ਵਾਲਿਓ! ਤੁਹਾਡੇ ’ਤੇ ਅੱਲਾਹ ਦੀਆਂ ਰਹਿਮਤਾਂ ਅਤੇ ਉਸ ਦੀਆਂ ਬਰਕਤਾਂ ਨਾਜ਼ਿਲ ਹੋਣ ਬੇਸ਼ੱਕ ਅੱਲਾਹ ਅਤਿਅੰਤ ਸ਼ਲਾਘਾ ਯੋਗ ਤੇ ਉੱਚੀਆਂ ਸ਼ਾਨਾਂ ਵਾਲਾਂ ਹੈ। قَالُوٓا۟ أَتَعْجَبِينَ مِنْ أَمْرِ ٱللَّهِ ۖ رَحْمَتُ ٱللَّهِ وَبَرَكَٰتُهُۥ عَلَيْكُمْ أَهْلَ ٱلْبَيْتِ ۚ إِنَّهُۥ حَمِيدٌۭ مَّجِيدٌۭ. ﴿73﴾
74 ਜਦੋਂ ਉਸ (ਇਬਰਾਹੀਮ) ਦਾ ਡਰ ਦੂਰ ਹੋ ਗਿਆ ਅਤੇ ਉਸ ਨੂੰ ਖ਼ੁਸ਼ਖ਼ਬਰੀ ਵੀ ਮਿਲ ਗਈ ਤਾਂ ਉਹ ਸਾਡੇ ਨਾਲ ਲੂਤ ਦੀ ਕੌਮ ਬਾਰੇ ਝਗੜਣ ਲੱਗ ਪਿਆ। فَلَمَّا ذَهَبَ عَنْ إِبْرَٰهِيمَ ٱلرَّوْعُ وَجَآءَتْهُ ٱلْبُشْرَىٰ يُجَٰدِلُنَا فِى قَوْمِ لُوطٍ. ﴿74﴾
75 ਅਸਲ ਵਿਚ ਇਬਰਾਹੀਮ ਬਹੁਤ ਹੀ ਸਹਿਨਸ਼ੀਲ ਤੇ ਕੌਮਲ ਹਿਰਦੇ ਵਾਲਾ ਅਤੇ ਸਾਡੇ (ਅੱਲਾਹ ਵੱਲ) ਹੀ ਝੁਕਣ ਵਾਲਾ ਵਿਅਕਤੀ ਸੀ। إِنَّ إِبْرَٰهِيمَ لَحَلِيمٌ أَوَّٰهٌۭ مُّنِيبٌۭ. ﴿75﴾
76 (ਫ਼ਰਿਸ਼ਤਿਆਂ ਨੇ) ਆਖਿਆ ਕਿ ਇਬਰਾਹੀਮ ਤੁਸੀਂ ਇਹ ਵਿਚਾਰ ਛੱਡ ਦਿਓ ਤੁਹਾਡੇ ਰੱਬ ਦਾ ਹੁਕਮ (ਅਜ਼ਾਬ ਦੇਣ ਦਾ) ਆ ਗਿਆ ਹੈ। ਇਹਨਾਂ (ਕੌਮੇ-ਲੂਤ) ’ਤੇ ਇਕ ਨਾ-ਟਲਣ ਵਾਲਾ ਅਜ਼ਾਬ ਜ਼ਰੂਰ ਹੀ ਆਉਣ ਵਾਲਾ ਹੈ। يَٰٓإِبْرَٰهِيمُ أَعْرِضْ عَنْ هَٰذَآ ۖ إِنَّهُۥ قَدْ جَآءَ أَمْرُ رَبِّكَ ۖ وَإِنَّهُمْ ءَاتِيهِمْ عَذَابٌ غَيْرُ مَرْدُودٍۢ. ﴿76﴾
77 ਜਦੋਂ ਸਾਡੇ ਭੇਜੇ ਹੋਏ (ਫ਼ਰਿਸ਼ਤ) ਲੂਤ ਦੇ ਕੋਲ ਪਹੁੰਚੇ ਤਾਂ ਉਹ (ਲੂਤ) ਉਹਨਾਂ ਦੇ ਆਉਣ ਨਾਲ ਬਹੁਤ ਹੀ ਦੁਖੀ ਹੋਇਆ ਅਤੇ ਦਿਲੋ ਤੰਗ ਹੋਇਆ (ਭਾਵ ਘਬਰਾਇਆ) ਅਤੇ ਆਖਣ ਲਗਿਆ ਕਿ ਅੱਜ ਤਾਂ ਬਹੁਤ ਹੀ ਕਰੜਾ ਦਿਨ ਹੈ। وَلَمَّا جَآءَتْ رُسُلُنَا لُوطًۭا سِىٓءَ بِهِمْ وَضَاقَ بِهِمْ ذَرْعًۭا وَقَالَ هَٰذَا يَوْمٌ عَصِيبٌۭ. ﴿77﴾
78 ਉਸ ਦੀ ਕੌਮ ਦੇ ਲੋਕ (ਮਹਿਮਾਨਾਂ ਨੂੰ ਵੇਖ) ਨੱਸਦੇ ਹੋਏ ਉਸ (ਲੂਤ) ਕੋਲ ਆਏ ਜਿਹੜੇ ਕਿ ਪਹਿਲਾਂ ਤੋਂ ਹੀ ਅਸ਼ਲੀਲਤਾ ਭਰੇ ਕੰਮ ਕਰਦੇ ਸਨ। ਉਸ (ਲੂਤ) ਨੇ ਕਿਹਾ ਕਿ ਹੇ ਮੇਰੀ ਕੌਮ ਦੇ ਲੋਕੋ! ਇਹ ਮੇਰੀ (ਕੌਮ ਦੀਆਂ) ਧੀਆਂ ਹਨ (ਇਹਨਾਂ ਨਾਲ ਨਿਕਾਹ ਕਰ ਲਵੋ) ਇਹ ਤੁਹਾਡੇ ਲਈ ਅਤਿਅੰਤ ਪਵਿੱਤਰ ਹਨ। ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੇ ਮਹਿਮਾਨਾਂ ਦੇ ਸਾਹਮਣੇ ਮੈਨੂੰ ਜ਼ਲੀਲ ਨਾ ਕਰੋ, ਕੀ ਤੁਹਾਡੇ ਵਿੱਚੋਂ ਇਕ ਵੀ ਭਲਾ ਵਿਅਕਤੀ ਨਹੀਂ। وَجَآءَهُۥ قَوْمُهُۥ يُهْرَعُونَ إِلَيْهِ وَمِن قَبْلُ كَانُوا۟ يَعْمَلُونَ ٱلسَّيِّـَٔاتِ ۚ قَالَ يَٰقَوْمِ هَٰٓؤُلَآءِ بَنَاتِى هُنَّ أَطْهَرُ لَكُمْ ۖ فَٱتَّقُوا۟ ٱللَّهَ وَلَا تُخْزُونِ فِى ضَيْفِىٓ ۖ أَلَيْسَ مِنكُمْ رَجُلٌۭ رَّشِيدٌۭ. ﴿78﴾
79 (ਕੌਮ ਨੇ) ਕਿਹਾ ਕਿ ਤੂੰ ਤਾਂ ਚੰਗੀ ਤਰ੍ਹਾਂ ਜਾਣਦਾ ਹੈ ਕਿ ਤੇਰੀ (ਕੌਮ ਦੀਆਂ) ਧੀਆਂ ਨਾਲ ਸਾਨੂੰ ਕੋਈ ਸਰੋਕਾਰ ਨਹੀਂ। ਤੂੰ ਤਾਂ ਸਾਡੀ ਅਸਲੀ ਇੱਛਾ ਤੋਂ ਭਲੀ-ਭਾਂਤ ਜਾਣੂ ਹੈ। قَالُوا۟ لَقَدْ عَلِمْتَ مَا لَنَا فِى بَنَاتِكَ مِنْ حَقٍّۢ وَإِنَّكَ لَتَعْلَمُ مَا نُرِيدُ. ﴿79﴾
80 (ਲੂਤ ਨੇ) ਕਿਹਾ ਕਿ ਕਾਸ਼ ਮੈਂ ਤੁਹਾਡੇ ਨਾਲ ਮੁਕਾਬਲਾ ਕਰਨ ਦੀ ਤਾਕਤ ਰੱਖਦਾ ਜਾਂ ਮੇਰਾ ਕੋਈ ਜ਼ੋਰਾਵਰ ਹਿਮਾਇਤੀ ਹੁੰਦਾ। قَالَ لَوْ أَنَّ لِى بِكُمْ قُوَّةً أَوْ ءَاوِىٓ إِلَىٰ رُكْنٍۢ شَدِيدٍۢ. ﴿80﴾
81 ਫ਼ਰਿਸ਼ਤਿਆਂ ਨੇ ਆਖਿਆ ਕਿ ਹੇ ਲੂਤ! ਅਸੀਂ ਤੇਰੇ ਪਾਲਣਹਾਰ ਵੱਲੋਂ ਭੇਜੇ ਹੋਏ ਹਾਂ, ਇਹ ਲੋਕ ਤੁਹਾਡੇ ’ਤੇ ਹਥ ਨਹੀਂ ਪਾ ਸਕਦੇ। ਤੂੰ ਆਪਣੇ ਘਰ ਵਾਲਿਆਂ ਨੂੰ ਲੈਕੇ ਰਾਤ ਨੂੰ ਕਿਸੇ ਵੇਲੇ ਨਿਕਲ ਜਾ, ਤੁਹਾਡੇ ਵਿਚੋਂ ਕੋਈ ਵੀ ਪਿੱਛੇ ਮੁੜ ਕੇ ਨਾ ਵੇਖੇ, ਤੇਰੀ ਪਤਨੀ ਤੋਂ ਛੁੱਟ (ਸਾਰੇ ਚਲੇ ਜਾਓ) ਕਿਉਂ ਜੋ ਉਸ ਨੂੰ ਵੀ ਉਹੀਓ (ਅਜ਼ਾਬ) ਪਹੁੰਚਣ ਵਾਲਾ ਹੈ ਜਿਹੜਾ ਉਹਨਾਂ ਸਾਰਿਆਂ (ਜ਼ਾਲਮਾਂ) ਨੂੰ ਪਹੁੰਚੇਗਾ। ਬੇਸ਼ੱਕ ਇਹਨਾਂ ਦਾ ਵਾਅਦਾ (ਅਜ਼ਾਬ ਦੇਣ ਦਾ) ਸਵੇਰੇ ਦਾ ਸਮਾਂ ਹੈ। ਕੀ ਸਵੇਰ ਦਾ ਸਮਾਂ ਨੇੜੇ ਨਹੀਂ ਆ ਲੱਗਿਆ? [6]
[6] ਵੇਖੋ ਸੂਰਤ ਅਲ-ਕਮਰ, ਹਾਸ਼ੀਆ ਆਇਤ 39,33/54
قَالُوا۟ يَٰلُوطُ إِنَّا رُسُلُ رَبِّكَ لَن يَصِلُوٓا۟ إِلَيْكَ ۖ فَأَسْرِ بِأَهْلِكَ بِقِطْعٍۢ مِّنَ ٱلَّيْلِ وَلَا يَلْتَفِتْ مِنكُمْ أَحَدٌ إِلَّا ٱمْرَأَتَكَ ۖ إِنَّهُۥ مُصِيبُهَا مَآ أَصَابَهُمْ ۚ إِنَّ مَوْعِدَهُمُ ٱلصُّبْحُ ۚ أَلَيْسَ ٱلصُّبْحُ بِقَرِيبٍۢ. ﴿81﴾
82 ਜਦੋਂ ਸਾਡਾ ਹੁਕਮ (ਭਾਵ ਅਜ਼ਾਬ) ਆ ਗਿਆ ਤਾਂ ਅਸਾਂ ਉਸ ਬਸਤੀ ਨੂੰ ਉੱਪਰੋ-ਥੱਲੇ ਕਰ ਦਿੱਤਾ ਅਤੇ ਉਹਨਾਂ ’ਤੇ ਖਿੰਘਰਾਂ ਦਾ ਤਾਬੜ-ਤੋੜ ਮੀਂਹ ਬਰਸਾਇਆ। فَلَمَّا جَآءَ أَمْرُنَا جَعَلْنَا عَٰلِيَهَا سَافِلَهَا وَأَمْطَرْنَا عَلَيْهَا حِجَارَةًۭ مِّن سِجِّيلٍۢ مَّنضُودٍۢ. ﴿82﴾
83 ਹਰ ਪੱਥਰ ’ਤੇ ਤੇਰੇ ਰੱਬ ਦੀ ਨਿਸ਼ਾਨੀ ਲੱਗੀ ਹੋਈ ਸੀ ਅਤੇ ਉਹ ਬਸਤੀ ਇਹਨਾਂ ਜ਼ਾਲਮਾਂ ਤੋਂ (ਭਾਵ ਮੱਕੇ ਤੋਂ) ਕੁੱਝ ਵੀ ਦੂਰ ਨਹੀਂ ਸੀ। مُّسَوَّمَةً عِندَ رَبِّكَ ۖ وَمَا هِىَ مِنَ ٱلظَّٰلِمِينَ بِبَعِيدٍۢ. ﴿83﴾
84 ਅਸੀਂ ਮਦਯਨ ਵਾਲਿਆਂ ਵੱਲੋਂ ਉਹਨਾਂ ਦੇ ਹੀ ਇਕ ਭਰਾ ਸ਼ੁਐਬ ਨੂੰ ਘੱਲਿਆ ਉਸ ਨੇ ਕਿਹਾ ਕਿ ਹੇ ਮੇਰੀ ਕੌਮ! ਤੁਸੀਂ ਅੱਲਾਹ ਦੀ ਇਬਾਦਤ ਕਰੋ, ਉਸ ਤੋਂ ਛੁੱਟ ਤੁਹਾਡਾ ਹੋਰ ਕੋਈ ਇਸ਼ਟ ਨਹੀਂ ਅਤੇ ਨਾਪ ਤੋਲ ਵਿਚ ਘਾਟ ਨਾ ਪਾਇਆ ਕਰੋ। ਅੱਜ ਮੈਂ ਤੁਹਾਨੂੰ ਬਹੁਤ ਖ਼ੁਸ਼ਹਾਲ ਵੇਖ ਰਿਹਾ ਹਾਂ। ਪਰ ਮੈਂ ਉਸ ਦਿਨ ਤੋਂ ਡਰਦਾ ਹਾਂ ਜਦੋਂ ਤੁਹਾਨੂੰ ਅਜ਼ਾਬ ਵਾਲਾ ਦਿਨ ਘੇਰੇ ਵਿਚ ਲੈ ਲਵੇਗਾ। ۞ وَإِلَىٰ مَدْيَنَ أَخَاهُمْ شُعَيْبًۭا ۚ قَالَ يَٰقَوْمِ ٱعْبُدُوا۟ ٱللَّهَ مَا لَكُم مِّنْ إِلَٰهٍ غَيْرُهُۥ ۖ وَلَا تَنقُصُوا۟ ٱلْمِكْيَالَ وَٱلْمِيزَانَ ۚ إِنِّىٓ أَرَىٰكُم بِخَيْرٍۢ وَإِنِّىٓ أَخَافُ عَلَيْكُمْ عَذَابَ يَوْمٍۢ مُّحِيطٍۢ. ﴿84﴾
85 (ਸ਼ੁਐਬ ਨੇ ਆਖਿਆ) ਹੇ ਮੇਰੇ ਕੌਮ! ਤੁਸੀਂ ਨਾਪ ਤੇ ਤੋਲ ਇਨਸਾਫ਼ ਨਾਲ ਕਰਿਆ ਕਰੋ ਅਤੇ ਲੋਕਾਂ ਨੂੰ ਉਹਨਾਂ ਦੀਆਂ ਚੀਜ਼ਾਂ ਘਟਾ ਕੇ ਨਾ ਦਿਓ ਅਤੇ ਤੁਸੀਂ ਇਸ ਧਰਤੀ ’ਤੇ ਫ਼ਸਾਦੀ ਬਣ ਕੇ ਨਾ ਘੂੱਮੋਂ। وَيَٰقَوْمِ أَوْفُوا۟ ٱلْمِكْيَالَ وَٱلْمِيزَانَ بِٱلْقِسْطِ ۖ وَلَا تَبْخَسُوا۟ ٱلنَّاسَ أَشْيَآءَهُمْ وَلَا تَعْثَوْا۟ فِى ٱلْأَرْضِ مُفْسِدِينَ. ﴿85﴾
86 ਜੇ ਤੁਸੀਂ ਸੱਚੇ ਮੋਮਿਨ ਹੋ ਤਾਂ ਅੱਲਾਹ ਵੱਲੋਂ ਦਿੱਤੀ ਹੋਈ ਜਾਇਜ਼ ਬੱਚਤ (ਨਫਾ) ਹੀ ਤੁਹਾਡੇ ਲਈ ਵਧੀਆ ਹੈ। ਮੈਂ (ਭਾਵ ਸ਼ੁਐਬ) ਤੁਹਾਡੇ ਉੱਤੇ ਕੋਈ ਪਹਿਰੇਦਾਰ ਨਹੀਂ ਹਾਂ। بَقِيَّتُ ٱللَّهِ خَيْرٌۭ لَّكُمْ إِن كُنتُم مُّؤْمِنِينَ ۚ وَمَآ أَنَا۠ عَلَيْكُم بِحَفِيظٍۢ. ﴿86﴾
87 (ਕੌਮ ਨੇ) ਜਵਾਬ ਦਿੱਤਾ ਕਿ ਹੇ ਸ਼ੁਐਬ! ਕੀ ਤੇਰੀ ਨਮਾਜ਼ (ਧਰਮ) ਤੈਨੂੰ ਇਹੋ ਸਿਖਾਉਂਦੀ ਹੈ ਕਿ ਅਸੀਂ ਆਪਣੇ ਪਿਓ ਦਾਦਿਆਂ ਦੇ ਇਸ਼ਟਾਂ ਨੂੰ ਛੱਡ ਦੱਈਏ ਜਾਂ ਆਪਣੇ ਮਾਲਾਂ ਵਿਚ ਉਹ ਨਾ ਕਰੀਏ ਜੋ ਅਸੀਂ ਕਰਨਾ ਚਾਹੀਏ? ਬਸ ਤੂੰ ਹੀ ਤਾਂ ਇਕ ਨਰਮ ਸੁਭਾਓ ਵਾਲਾ ਤੇ ਸਮਝਦਾਰ ਵਿਅਕਤੀ ਹੈ ? قَالُوا۟ يَٰشُعَيْبُ أَصَلَوٰتُكَ تَأْمُرُكَ أَن نَّتْرُكَ مَا يَعْبُدُ ءَابَآؤُنَآ أَوْ أَن نَّفْعَلَ فِىٓ أَمْوَٰلِنَا مَا نَشَٰٓؤُا۟ ۖ إِنَّكَ لَأَنتَ ٱلْحَلِيمُ ٱلرَّشِيدُ. ﴿87﴾
88 ਸ਼ੁਐਬ ਨੇ ਕਿਹਾ ਕਿ ਹੇ ਮੇਰੀ ਕੌਮ! ਕਿ ਜੇ ਮੇਂ ਆਪਣੇ ਰੱਬ ਵੱਲੋਂ ਇਕ ਸਪਸ਼ਟ ਦਲੀਲ ’ਤੇ ਹੋਵਾਂ ਅਤੇ ਉਸੇ ਨੇ ਹੀ ਮੈਨੂੰ ਆਪਣੇ ਵੱਲੋਂ ਵਧੀਆ ਰੋਜ਼ੀ ਵੀ ਦਿੱਤੀ ਹੋਵੇ ਫੇਰ ਮੈਂ ਉਸ ਦੀ ਨਾ-ਫ਼ਰਮਾਨੀ ਕਿਵੇਂ ਕਰਾਂ। ਮੈਂ ਇਹ ਵੀ ਨਹੀਂ ਚਾਹੁੰਦਾ ਕਿ ਮੈਂ ਤੁਹਾਡੀ ਵਿਰੋਧਤਾ ਕਰਾਂ ਕਿ ਮੈਂ ਉਹੀ ਕੰਮ ਆਪ ਕਰਾਂ ਜਿਸ ਤੋਂ ਮੈਂ ਤੁਹਾਨੂੰ ਰੋਕਦਾ ਹਾਂ। ਮੈਂ ਛੁੱਟ ਤੁਹਾਡੇ ਸੁਧਾਰ ਤੋਂ ਹੋਰ ਕੁੱਝ ਨਹੀਂ ਚਾਹੁੰਦਾ ਅਤੇ ਇਸ ਦੀ ਯੋਗਤਾ ਦੇਣਾ ਛੁੱਟ ਅੱਲਾਹ ਦੀ ਮਦਦ ਤੋਂ, ਸੰਭਵ ਨਹੀਂ। ਉਸੇ ’ਤੇ ਮੇਰਾ ਭਰੋਸਾ ਹੈ ਅਤੇ ਉਸੇ ਵੱਲ ਮੈਂ ਝੁਕਦਾ ਹਾਂ। قَالَ يَٰقَوْمِ أَرَءَيْتُمْ إِن كُنتُ عَلَىٰ بَيِّنَةٍۢ مِّن رَّبِّى وَرَزَقَنِى مِنْهُ رِزْقًا حَسَنًۭا ۚ وَمَآ أُرِيدُ أَنْ أُخَالِفَكُمْ إِلَىٰ مَآ أَنْهَىٰكُمْ عَنْهُ ۚ إِنْ أُرِيدُ إِلَّا ٱلْإِصْلَٰحَ مَا ٱسْتَطَعْتُ ۚ وَمَا تَوْفِيقِىٓ إِلَّا بِٱللَّهِ ۚ عَلَيْهِ تَوَكَّلْتُ وَإِلَيْهِ أُنِيبُ. ﴿88﴾
89 ਹੇ ਮੇਰੀ ਕੌਮ ਵਾਲਿਓ! ਮੇਰੀ ਵਿਰੋਧਤਾ ਕਿਤੇ ਤੁਹਾਨੂੰ ਉਹਨਾਂ ਅਜ਼ਾਬਾਂ ਦਾ ਹੱਕਦਾਰ ਨਾ ਬਣਾ ਦੇਵੇ ਜਿਹੜੇ ਕੌਮੇ-ਨੂਹ, ਕੌਮੇ-ਹੂਦ ਤੇ ਕੌਮੇ-ਸਾਲੇਹ ਨੂੰ ਪਹੁੰਚੇ ਸਨ ਅਤੇ ਕੌਮੇ-ਲੂਤ ਦੀ ਬਸਤੀ ਤਾਂ ਤੁਹਾਥੋਂ ਬਹੁਤੀ ਦੂਰ ਵੀ ਨਹੀਂ। وَيَٰقَوْمِ لَا يَجْرِمَنَّكُمْ شِقَاقِىٓ أَن يُصِيبَكُم مِّثْلُ مَآ أَصَابَ قَوْمَ نُوحٍ أَوْ قَوْمَ هُودٍ أَوْ قَوْمَ صَٰلِحٍۢ ۚ وَمَا قَوْمُ لُوطٍۢ مِّنكُم بِبَعِيدٍۢ. ﴿89﴾
90 ਤੁਸੀਂ ਆਪਣੇ ਰੱਬ ਤੋਂ ਮੁਆਫ਼ੀ ਮੰਗੋ ਤੇ ਉਸੇ ਵੱਲ ਪਰਤ ਆਓ, ਬੇਸ਼ੱਕ ਮੇਰਾ ਰੱਬ ਅਤਿਅੰਤ ਮਿਹਰਾਂ ਅਤੇ ਮੁਹੱਬਤ ਕਰਨ ਵਾਲਾ ਹੈ। وَٱسْتَغْفِرُوا۟ رَبَّكُمْ ثُمَّ تُوبُوٓا۟ إِلَيْهِ ۚ إِنَّ رَبِّى رَحِيمٌۭ وَدُودٌۭ. ﴿90﴾
91 (ਕੌਮ ਨੇ) ਕਿਹਾ ਕਿ ਹੇ ਸ਼ੁਐਬ! ਤੇਰੀਆਂ ਬਹੁਤੀਆਂ ਗੱਲਾਂ ਤਾਂ ਸਾਡੀ ਸਮਝ ਵਿਚ ਹੀ ਨਹੀਂ ਆਉਂਦੀਆਂ। ਅਸੀਂ ਤਾਂ ਤੈਨੂੰ ਆਪਣੇ ਵਿਚਾਲੇ ਬਹੁਤ ਹੀ ਨਿਰਬਲ ਵਿਅਕਤੀ ਸਮਝਦੇ ਹਾਂ। ਜੇ ਸਾਨੂੰ ਤੇਰੇ ਕਬੀਲੇ ਦਾ ਖ਼ਿਆਲ ਨਾ ਹੁੰਦਾ ਤਾਂ ਅਸੀਂ ਤੈਨੂੰ ਪੱਥਰਾਂ ਨਾਲ ਮਾਰ ਸੁੱਟਦੇ ਤੂੰ ਸਾਡੇ ’ਤੇ ਕਿਸੇ ਪੱਖੋਂ ਵੀ ਭਾਰੂ ਨਹੀਂ। قَالُوا۟ يَٰشُعَيْبُ مَا نَفْقَهُ كَثِيرًۭا مِّمَّا تَقُولُ وَإِنَّا لَنَرَىٰكَ فِينَا ضَعِيفًۭا ۖ وَلَوْلَا رَهْطُكَ لَرَجَمْنَٰكَ ۖ وَمَآ أَنتَ عَلَيْنَا بِعَزِيزٍۢ. ﴿91﴾
92 (ਸ਼ੁਐਬ ਨੇ) ਕਿਹਾ ਕਿ ਹੇ ਮੇਰੇ ਕੌਮ ਦੇ ਵੀਰੋ! ਕੀ ਤੁਹਾਡੇ ਲਈ ਮੇਰੇ ਕਬੀਲੇ ਦੇ ਲੋਕ ਅੱਲਾਹ ਤੋਂ ਵੀ ਵੱਧ ਆਦਰ ਵਾਲੇ ਹਨ? ਤੁਸੀਂ ਉਸ (ਰੱਬ) ਨੂੰ ਉੱਕਾ ਹੀ ਪਿੱਠ ਪਿੱਛੇ ਸੁੱਟ ਦਿੱਤਾ ਹੈ। ਜੋ ਵੀ ਤੁਸੀਂ ਕਰ ਰਹੇ ਹੋ ਉਹਨਾਂ ਸਭ ਨੂੰ ਮੇਰੇ ਰੱਬ ਨੇ ਆਪਣੇ ਗਿਆਨ ਦੇ ਘੇਰੇ ਵਿਚ ਲਿਆ ਹੋਇਆ ਹੈ। قَالَ يَٰقَوْمِ أَرَهْطِىٓ أَعَزُّ عَلَيْكُم مِّنَ ٱللَّهِ وَٱتَّخَذْتُمُوهُ وَرَآءَكُمْ ظِهْرِيًّا ۖ إِنَّ رَبِّى بِمَا تَعْمَلُونَ مُحِيطٌۭ. ﴿92﴾
93 ਅਤੇ ਆਖਿਆ ਕਿ ਹੇ ਕੌਮ ਵਾਲਿਓ! ਹੁਣ ਤੁਸੀਂ ਆਪਣੀ ਥਾਂ ’ਤੇ (ਭਾਵ ਇੱਛਾ ਅਨੁਸਾਰ) ਕੰਮ ਕਰਦੇ ਰਹੋ ਮੈਂ ਵੀ ਆਪਣਾ ਕੰਮ ਕਰ ਰਿਹਾ ਹਾਂ, ਤੁਹਾਨੂੰ ਛੇਤੀ ਹੀ ਪਤਾ ਚੱਲ ਜਾਵੇਗਾ ਕਿ ਹੀਣਤਾ ਭਰਿਆ ਅਜ਼ਾਬ ਕਿਸ ’ਤੇ ਆਉਂਦਾ ਹੈ ਤੇ ਕੌਣ ਝੂਠਾ ਹੈ। ਤੁਸੀਂ ਵੀ (ਅਜ਼ਾਬ ਨੂੰ) ਉਡੀਕੋ ਅਤੇ ਤਹਾਡੇ ਨਾਲ ਮੈਂ ਵੀ ਉਡੀਕਦਾ ਹਾਂ। وَيَٰقَوْمِ ٱعْمَلُوا۟ عَلَىٰ مَكَانَتِكُمْ إِنِّى عَٰمِلٌۭ ۖ سَوْفَ تَعْلَمُونَ مَن يَأْتِيهِ عَذَابٌۭ يُخْزِيهِ وَمَنْ هُوَ كَٰذِبٌۭ ۖ وَٱرْتَقِبُوٓا۟ إِنِّى مَعَكُمْ رَقِيبٌۭ. ﴿93﴾
94 ਜਦੋਂ ਸਾਡਾ ਹੁਕਮ (ਅਜ਼ਾਬ ਦਾ) ਆਇਆ ਤਾਂ ਅਸੀਂ ਸ਼ੁਐਬ ਨੂੰ ਅਤੇ ਉਸ ਦੇ ਈਮਾਨ ਵਾਲੇ ਸਾਥੀਆਂ ਨੂੰ ਆਪਣੀ ਵਿਸ਼ੇਸ਼ ਮਿਹਰਾਂ ਸਦਕੇ ਨਜਾਤ ਬਖ਼ਸ਼ੀ ਅਤੇ ਜ਼ਾਲਮਾਂ ਨੂੰ ਇਕ ਕੜਕਦਾਰ ਚੰਗਿਆੜ ਨੇ ਆ ਨੱਪਿਆ, ਜਿਸ ਕਾਰਨ ਉਹ ਆਪਣੇ ਘਰਾਂ ਵਿਚ ਮੁੱਧੇ ਮੂੰਹ ਡਿਗੇ ਪਏ ਰਹੇ ਗਏ। وَلَمَّا جَآءَ أَمْرُنَا نَجَّيْنَا شُعَيْبًۭا وَٱلَّذِينَ ءَامَنُوا۟ مَعَهُۥ بِرَحْمَةٍۢ مِّنَّا وَأَخَذَتِ ٱلَّذِينَ ظَلَمُوا۟ ٱلصَّيْحَةُ فَأَصْبَحُوا۟ فِى دِيَٰرِهِمْ جَٰثِمِينَ. ﴿94﴾
95 ਇੰਜ ਲੱਗਦਾ ਸੀ ਕਿ ਜਿਵੇਂ ਉਹਨਾਂ ਘਰਾਂ ਵਿਚ ਕਦੇ ਕੋਈ ਵਸਿਆ ਰਸਿਆ ਹੀ ਨਹੀਂ ਸੀ। ਮਦੱਯਨ ਵਾਲਿਆਂ ’ਤੇ ਵੀ ਫ਼ਿਟਕਾਰ ਪਈ ਜਿਵੇਂ ਸਮੂਦ ’ਤੇ ਫ਼ਿਟਕਾਰ ਪਈ ਸੀ। كَأَن لَّمْ يَغْنَوْا۟ فِيهَآ ۗ أَلَا بُعْدًۭا لِّمَدْيَنَ كَمَا بَعِدَتْ ثَمُودُ. ﴿95﴾
96 ਅਸੀਂ ਮੂਸਾ ਨੂੰ ਆਪਣੀਆਂ ਨਿਸ਼ਾਨੀਆਂ ਤੇ ਰੌਸ਼ਨ ਦਲੀਲਾਂ ਦੇ ਕੇ (ਫ਼ਿਰਔਨ ਦੇ ਦਰਬਾਰ ਵਿਚ) ਭੇਜਿਆ ਸੀ। وَلَقَدْ أَرْسَلْنَا مُوسَىٰ بِـَٔايَٰتِنَا وَسُلْطَٰنٍۢ مُّبِينٍ. ﴿96﴾
97 ਫ਼ਿਰਔਨ ਤੇ ਉਸ ਦੇ ਦਰਬਾਰੀਆਂ ਵੱਲ ਰੌਸ਼ਨ ਦਲੀਲਾਂ ਆਈਆਂ ਫੇਰ ਵੀ ਉਹਨਾਂ ਲੋਕਾਂ ਨੇ ਫ਼ਿਰਔਨ ਦੇ ਹੁਕਮਾਂ ਦੀ ਪੈਰਵੀ ਕੀਤੀ ਜਦ ਕਿ ਫ਼ਿਰਔਨ ਦਾ ਕੋਈ ਵੀ ਹੁਕਮ ਸੱਚਾਈ ’ਤੇ ਆਧਾਰਿਤ ਨਹੀਂ ਸੀ। إِلَىٰ فِرْعَوْنَ وَمَلَإِي۟هِۦ فَٱتَّبَعُوٓا۟ أَمْرَ فِرْعَوْنَ ۖ وَمَآ أَمْرُ فِرْعَوْنَ بِرَشِيدٍۢ. ﴿97﴾
98 ਉਹ (ਫ਼ਿਰਔਨ) ਕਿਆਮਤ ਦਿਹਾੜੇ ਆਪਣੀ ਕੌਮ ਦਾ ਆਗੂ ਬਣਕੇ ਅੱਗੇ-ਅੱਗੇ ਹੋਵੇਗਾ, ਫੇਰ ਉਹਨਾਂ ਨੂੰ ਨਰਕ ਵਿਚ ਸੁੱਟ ਦਿੱਤਾ ਜਾਵੇਗਾ। ਉਹ ਤਾਂ ਬਹੁਤ ਹੀ ਭੈੜੀ ਥਾਂ ਹੈ ਜਿੱਥੇ ਉਹਨਾਂ ਨੂੰ ਪਹੁੰਚਾਇਆ ਜਾਵੇਗਾ। يَقْدُمُ قَوْمَهُۥ يَوْمَ ٱلْقِيَٰمَةِ فَأَوْرَدَهُمُ ٱلنَّارَ ۖ وَبِئْسَ ٱلْوِرْدُ ٱلْمَوْرُودُ. ﴿98﴾
99 ਉਹਨਾਂ ਲੋਕਾਂ ’ਤੇ ਤਾਂ ਇਸ ਸੰਸਾਰ ਵਿਚ ਵੀ ਫ਼ਿਟਕਾਰ ਪੈ ਗਈ ਸੀ ਅਤੇ ਕਿਆਮਤ ਦਿਹਾੜੇ ਵੀ ਪਵੇਗੀ। ਕਿੰਨਾ ਭੈੜਾ ਹੈ ਉਹ ਇਨਾਮ ਜਿਹੜਾ ਉਹਨਾਂ ਨੂੰ ਦਿੱਤਾ ਜਾਵੇਗਾ। وَأُتْبِعُوا۟ فِى هَٰذِهِۦ لَعْنَةًۭ وَيَوْمَ ٱلْقِيَٰمَةِ ۚ بِئْسَ ٱلرِّفْدُ ٱلْمَرْفُودُ. ﴿99﴾
100 ਹੇ ਨਬੀ! ਇਹ ਕੁੱਝ ਬਰਬਾਦ ਹੋਈਆਂ ਬਸਤੀਆਂ ਦੀਆਂ ਖ਼ਬਰਾਂ ਹਨ ਜੋ ਅਸੀਂ ਤੁਹਾਨੂੰ ਸੁਣਾ ਰਹੇ ਹਾਂ ਇਹਨਾਂ ਵਿਚ ਕੁੱਝ ਤਾਂ ਮੌਜੂਦ ਹਨ ਅਤੇ ਕੁੱਝ ਮਲੀਆਂਮੇਟ ਹੋ ਚੁੱਕੀਆਂ ਹਨ। ذَٰلِكَ مِنْ أَنۢبَآءِ ٱلْقُرَىٰ نَقُصُّهُۥ عَلَيْكَ ۖ مِنْهَا قَآئِمٌۭ وَحَصِيدٌۭ. ﴿100﴾
101 ਅਸੀਂ ਉਹਨਾਂ (ਬਸਤੀਆਂ) ’ਤੇ ਕੋਈ ਜ਼ੁਲਮ ਨਹੀਂ ਸੀ ਕੀਤਾ ਸਗੋਂ ਉਹਨਾਂ ਨੇ ਆਪਣੇ ਆਪ ’ਤੇ ਹੀ ਜ਼ੁਲਮ ਕੀਤਾ ਸੀ ਅਤੇ ਉਹਨਾਂ ਦੇ (ਝੂਠੇ) ਇਸ਼ਟਾਂ ਨੇ ਉਹਨਾਂ ਨੂੰ ਕੋਈ ਲਾਭ ਨਹੀਂ ਪਹੁੰਚਾਇਆ ਜਿਨ੍ਹਾਂ ਨੂੰ ਉਹ ਅੱਲਾਹ ਨੂੰ ਛੱਡ ਕੇ (ਮਦਦ ਲਈ) ਪੁਕਾਰ ਦੇ ਸਨ। ਜਦੋਂ ਤੁਹਾਡੇ ਰੱਬ ਦਾ ਹੁਕਮ (ਅਜ਼ਾਬ ਦਾ) ਆਇਆ ਤਾਂ ਉਹਨਾਂ ਦੀ ਬਰਬਾਦੀ ਵਿਚ ਵਾਧਾ ਹੀ ਹੋਇਆ। وَمَا ظَلَمْنَٰهُمْ وَلَٰكِن ظَلَمُوٓا۟ أَنفُسَهُمْ ۖ فَمَآ أَغْنَتْ عَنْهُمْ ءَالِهَتُهُمُ ٱلَّتِى يَدْعُونَ مِن دُونِ ٱللَّهِ مِن شَىْءٍۢ لَّمَّا جَآءَ أَمْرُ رَبِّكَ ۖ وَمَا زَادُوهُمْ غَيْرَ تَتْبِيبٍۢ. ﴿101﴾
102 (ਹੇ ਨਬੀ!) ਤੇਰੇ ਰੱਬ ਦੀ ਪਕੜ ਅਜਿਹੀ ਹੈ ਕਿ ਜਦੋਂ ਉਹ ਕਿਸੇ ਬਸਤੀ ਦੇ ਜ਼ਾਲਮਾਂ ਨੂੰ ਫੜਦਾ ਹੈ ਤਾਂ ਉਸ ਦੀ ਪਕੜ ਬਹੁਤ ਹੀ ਦੁਖਦਾਈ ਤੇ ਕਰੜੀ ਹੁੰਦੀ ਹੈ।[7]
[7] ਅੱਲਾਹ ਦੇ ਰਸੂਲ ਨੇ ਫ਼ਰਮਾਇਆ ਕਿ ਅੱਲਾਹ ਤਆਲਾ ਜ਼ਾਲਿਮ (ਮੁਸ਼ਰਿਕ ਅਪਰਾਧੀ ਆਦਿ) ਨੂੰ ਢਿੱਲ ਦਿੰਦਾ ਰਹਿੰਦਾ ਹੈ। ਪਰ ਜਦੋਂ ਉਸ ਨੂੰ ਫੜਦਾ ਹੈ ਤਾਂ ਉਸ ਨੂੰ ਛਡਦਾ ਨਹੀਂ। ਅਬੁ ਮੂਸਾ ਆਖਦੇ ਹਨ ਕਿ ਇਸ ਤੋਂ ਬਾਅਦ ਨਬੀ (ਸ:) ਨੇ ਇਹੋ ਆਇਤ ਤਲਾਵਤ ਕੀਤੀ।(ਸਹੀ ਬੁਖ਼ਾਰੀ, ਹਦੀਸ: 4686)
وَكَذَٰلِكَ أَخْذُ رَبِّكَ إِذَآ أَخَذَ ٱلْقُرَىٰ وَهِىَ ظَٰلِمَةٌ ۚ إِنَّ أَخْذَهُۥٓ أَلِيمٌۭ شَدِيدٌ. ﴿102﴾
103 ਬੇਸ਼ੱਕ ਇਸ ਵਿਚ ਉਹਨਾਂ ਲੋਕਾਂ ਲਈ (ਸਿੱਖਿਆਦਾਇਕ) ਨਿਸ਼ਾਨੀ ਹੈ ਜਿਹੜੇ ਕਿਆਮਤ ਦੇ ਅਜ਼ਾਬ ਤੋਂ ਡਰਦੇ ਹਨ। ਉਹ ਦਿਹਾੜਾ ਕਿਆਮਤ ਦਾ ਹੋਵੇਗਾ ਜਦੋਂ ਸਾਰੇ ਲੋਕ ਇਕੱਠ ਕੀਤੇ ਜਾਣਗੇ ਅਤੇ ਜਦੋਂ ਸਾਰੇ ਲੋਕ ਰੱਬ ਦੇ ਹਜ਼ੂਰ ਪੇਸ਼ ਕੀਤੇ ਜਾਣਗੇ। (ਉਹ ਕਿਆਮਤ ਦਾ ਦਿਹਾੜਾ ਹੋਵੇਗਾ) إِنَّ فِى ذَٰلِكَ لَءَايَةًۭ لِّمَنْ خَافَ عَذَابَ ٱلْءَاخِرَةِ ۚ ذَٰلِكَ يَوْمٌۭ مَّجْمُوعٌۭ لَّهُ ٱلنَّاسُ وَذَٰلِكَ يَوْمٌۭ مَّشْهُودٌۭ. ﴿103﴾
104 ਅਸੀਂ ਜਿਹੜੀ ਦੇਰੀ ਕਰ ਰਹੇ ਹਾਂ ਉਹ ਇਕ ਮਿਥੇ ਸਮੇਂ ਲਈ ਹੈ (ਭਾਵ ਕਿਆਮਤ ਦਾ ਸਮਾਂ ਮਿਥਿਆ ਹੋਇਆ ਹੈ) وَمَا نُؤَخِّرُهُۥٓ إِلَّا لِأَجَلٍۢ مَّعْدُودٍۢ. ﴿104﴾
105 ਜਦੋਂ ਉਹ ਦਿਨ ਆਵੇਗਾ ਤਾਂ ਕੋਈ ਵੀ ਵਿਅਕਤੀ ਅੱਲਾਹ ਦੀ ਆਗਿਆ ਤੋਂ ਬਿਨਾਂ ਕੋਈ ਗੱਲ ਨਹੀਂ ਕਰ ਸਕੇਗਾ ਫੇਰ ਇਹਨਾਂ ਵਿੱਚੋਂ ਹੀ ਕੋਈ ਬੇ-ਭਾਗ ਹੋਵੇਗਾ ਅਤੇ ਕੋਈ ਭਾਗਾਂ ਵਾਲਾ ਹੋਵੇਗਾ। يَوْمَ يَأْتِ لَا تَكَلَّمُ نَفْسٌ إِلَّا بِإِذْنِهِۦ ۚ فَمِنْهُمْ شَقِىٌّۭ وَسَعِيدٌۭ. ﴿105﴾
106 ਜਿਹੜੇ ਬੇਭਾਗ ਹੋਣਗੇ ਉਹ (ਨਰਕ ਦੀ) ਅੱਗ ਵਿਚ ਜਾਣਗੇ ਜਿੱਥੇ ਉਹ ਸਦਾ ਰੋਣ ਪਿੱਟਣ ਦੀ ਹਾਲਤ ਵਿਚ ਹੀ ਰਹਿਣਗੇ। فَأَمَّا ٱلَّذِينَ شَقُوا۟ فَفِى ٱلنَّارِ لَهُمْ فِيهَا زَفِيرٌۭ وَشَهِيقٌ. ﴿106﴾
107 ਉਹ ਉਸ ਨਰਕ ਵਿਚ ਉਦੋਂ ਤੀਕ ਰਹਿਣਗੇ ਜਦੋਂ ਤੀਕ ਅਕਾਸ਼ ਤੇ ਧਰਤੀ ਰਹਿਣਗੇ ਸਿਵਾਏ ਇਸ ਤੋਂ ਕਿ ਤੇਰਾ ਰੱਬ ਕੁੱਝ ਹੋਰ ਚਾਹਵੇ। (ਭਾਵ ਨਰਕ ਤੋਂ ਛੁਟਕਾਰਾ ਦੇਣਾ ਚਾਹਵੇ) ਤੇਰਾ ਰੱਬ ਜੋ ਵੀ ਚਾਹੁੰਦਾ ਹੈ ਕਰਦਾ ਹੈ। خَٰلِدِينَ فِيهَا مَا دَامَتِ ٱلسَّمَٰوَٰتُ وَٱلْأَرْضُ إِلَّا مَا شَآءَ رَبُّكَ ۚ إِنَّ رَبَّكَ فَعَّالٌۭ لِّمَا يُرِيدُ. ﴿107﴾
108 ਪਰ ਜਿਹੜੇ ਭਾਗਾਂ ਵਾਲੇ ਹੋਣਗੇ ਉਹ ਸਵਰਗ ਵਿਚ ਹੋਣਗੇ ਜਿੱਥੇ ਉਹ ਸਦਾ ਲਈ ਰਹਿਣਗੇ ਜਦੋਂ ਤਕ ਅਕਾਸ਼ ਤੇ ਧਰਤੀ ਬਾਕੀ ਰਹਿਣਗੇ ਪਰ ਹੁੰਦਾ ਉਹ ਹੈ ਜੋ ਤੇਰੇ ਰੱਬ ਚਾਹੁੰਦਾ ਹੈ, ਉਸ ਦੀਆਂ ਬਖ਼ਸ਼ਿਸ਼ਾਂ ਦਾ ਕੋਈ ਅੰਤ ਨਹੀਂ। ۞ وَأَمَّا ٱلَّذِينَ سُعِدُوا۟ فَفِى ٱلْجَنَّةِ خَٰلِدِينَ فِيهَا مَا دَامَتِ ٱلسَّمَٰوَٰتُ وَٱلْأَرْضُ إِلَّا مَا شَآءَ رَبُّكَ ۖ عَطَآءً غَيْرَ مَجْذُوذٍۢ. ﴿108﴾
109 ਸੋ (ਹੇ ਨਬੀ!) ਤੁਸੀਂ ਉਹਨਾਂ ਇਸ਼ਟਾਂ ਸੰਬੰਧੀ ਕਿਸੇ ਸੰਦੇਹ ਵਿਚ ਨਾ ਰਹੋ ਜਿਨ੍ਹਾਂ ਦੀ ਇਹ ਲੋਕ ਬੰਦਗੀ ਕਰ ਰਹੇ ਹਨ। ਇਹਨਾਂ ਲੋਕਾਂ ਦੀ ਪੂਜਾ ਪਾਠ ਤਾਂ ਉਸੇ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਪਹਿਲਾਂ ਉਹਨਾਂ ਦੇ ਪਿਓ ਦਾਦਾ ਪੂਜਾ ਕਰਦੇ ਸਨ। ਬੇਸ਼ੱਕ ਅਸੀਂ (ਅੱਲਾਹ) ਉਹਨਾਂ ਨੂੰ ਉਹਨਾਂ ਦੀ ਸਜ਼ਾਂ ਦਾ ਹਿੱਸਾ ਪੂਰਾ ਦਿਆਂਗੇ, ਇਸ ਵਿੱਚੋਂ ਕਟੌਤੀ ਨਹੀਂ ਕੀਤੀ ਜਾਵੇਗੀ। فَلَا تَكُ فِى مِرْيَةٍۢ مِّمَّا يَعْبُدُ هَٰٓؤُلَآءِ ۚ مَا يَعْبُدُونَ إِلَّا كَمَا يَعْبُدُ ءَابَآؤُهُم مِّن قَبْلُ ۚ وَإِنَّا لَمُوَفُّوهُمْ نَصِيبَهُمْ غَيْرَ مَنقُوصٍۢ. ﴿109﴾
110 ਬੇਸ਼ੱਕ ਅਸੀਂ ਮੂਸਾ ਨੂੰ ਕਿਤਾਬ (ਤੌਰੈਤ) ਬਖ਼ਸ਼ੀ ਪਰੰਤੂ ਉਸ ਵਿਚ ਮਤਭੇਦ ਕੀਤੇ ਗਏ। ਜੇਕਰ ਤੇਰੇ ਰੱਬ ਵੱਲੋਂ ਪਹਿਲਾਂ ਤੋਂ ਹੀ ਇਹ ਗੱਲ ਨਿਸ਼ਚਿਤ ਨਾ ਕਰ ਦਿੱਤੀ ਗਈ ਹੁੰਦੀ ਤਾਂ ਉਹਨਾਂ ਵਿਚਾਲੇ ਫ਼ੈਸਲਾ ਹੋ ਗਿਆ ਹੁੰਦਾ। ਇਹ ਸੱਚ ਹੈ ਕਿ ਉਹ ਲੋਕ ਉਸ ਸੰਬੰਧੀ ਸ਼ੱਕ ਵਿਚ ਹਨ ਤੇ ਇਸੇ ਕਾਰਨ ਉਹ ਦੁਵਿਧਾ ਵਿਚ ਫਸੇ ਹੋਏ ਹਨ। وَلَقَدْ ءَاتَيْنَا مُوسَى ٱلْكِتَٰبَ فَٱخْتُلِفَ فِيهِ ۚ وَلَوْلَا كَلِمَةٌۭ سَبَقَتْ مِن رَّبِّكَ لَقُضِىَ بَيْنَهُمْ ۚ وَإِنَّهُمْ لَفِى شَكٍّۢ مِّنْهُ مُرِيبٍۢ. ﴿110﴾
111 ਬੇਸ਼ੱਕ ਤੇਰਾ ਰੱਬ ਜ਼ਰੂਰ ਹੀ ਉਹਨਾਂ ਦੇ ਅਮਲਾਂ ਦਾ ਪੂਰਾ-ਪੂਰਾ ਬਦਲਾ ਦੇਵੇਗਾ। ਬੇਸ਼ੱਕ ਉਹ (ਕਾਫ਼ਿਰ) ਜੋ ਵੀ ਕਰ ਰਹੇ ਹਨ ਉਹ (ਅੱਲਾਹ) ਉਹਨਾਂ ਤੋਂ ਜਾਣੂ ਹੈ। وَإِنَّ كُلًّۭا لَّمَّا لَيُوَفِّيَنَّهُمْ رَبُّكَ أَعْمَٰلَهُمْ ۚ إِنَّهُۥ بِمَا يَعْمَلُونَ خَبِيرٌۭ. ﴿111﴾
112 ਸੋ (ਹੇ ਨਬੀ!) ਜਿਵੇਂ ਤੁਹਾਨੂੰ ਹੁਕਮ ਦਿੱਤਾ ਗਿਆ ਹੈ ਤੁਸੀਂ ਉਸ ’ਤੇ ਕਾਇਮ ਰਹੋ ਅਤੇ ਉਹ ਲੋਕ ਵੀ ਜਿਹੜੇ ਤੁਹਾਡੇ ਵੱਲ ਪਰਤ ਆਏ ਹਨ। ਖ਼ਬਰਦਾਰ! ਹੱਦੋਂ ਅੱਗੇ ਨਾ ਵਧਣਾ (ਭਾਵ ਵਧੀਕੀ ਨਹੀਂ ਕਰਨਾ) ਅੱਲਾਹ ਤੁਹਾਡੀਆਂ ਸਾਰੀਆਂ ਹਰਕਤਾਂ ਨੂੰ ਵੇਖ ਰਿਹਾ ਹੈ। فَٱسْتَقِمْ كَمَآ أُمِرْتَ وَمَن تَابَ مَعَكَ وَلَا تَطْغَوْا۟ ۚ إِنَّهُۥ بِمَا تَعْمَلُونَ بَصِيرٌۭ. ﴿112﴾
113 (ਹੇ ਨਬੀ!) ਤੁਸੀਂ ਉਹਨਾਂ ਲੋਕਾਂ ਵੱਲ ਨਾ ਝੁਕੋ ਜਿਨ੍ਹਾਂ ਨੇ ਜ਼ੁਲਮ ਕੀਤਾ,[8] ਨਹੀਂ ਤਾਂ ਤੁਹਾਨੂੰ ਵੀ (ਨਰਕ ਦੀ) ਅੱਗ ਚਿੰਬੜ ਜਾਵੇਗੀ ਅਤੇ ਛੁੱਟ ਅੱਲਾਹ ਤੋਂ ਤੁਹਾਡਾ ਹੋਰ ਕੋਈ ਸਹਾਈ ਨਾ ਹੋਵੇਗਾ ਅਤੇ ਨਾ ਹੀ ਤੁਹਾਡੀ ਮਦਦ ਕੀਤੀ ਜਾਵੇਗੀ।
[8] ਭਾਵ ਉਹਨਾਂ ਲੋਕਾਂ ਨਾਲ ਦੋਸਤੀ ਨਾ ਰੱਖੋ ਜਿਹੜੇ ਲੋਕ ਦੀਨ ਵਿਚ ਬਿੱਦਤਾਂ ਦਾ ਆਰੰਭ ਕਰਦੇ ਹਨ ਅਤੇ ਸ਼ਿਰਕ ਕਰਕੇ ਆਪਣੇ ਉੱਤੇ ਜ਼ੁਲਮ ਕਰਦੇ ਹਨ।
وَلَا تَرْكَنُوٓا۟ إِلَى ٱلَّذِينَ ظَلَمُوا۟ فَتَمَسَّكُمُ ٱلنَّارُ وَمَا لَكُم مِّن دُونِ ٱللَّهِ مِنْ أَوْلِيَآءَ ثُمَّ لَا تُنصَرُونَ. ﴿113﴾
114 (ਹੇ ਮੁਹੰਮਦ ਸ:!) ਤੁਸੀਂ ਦਿਨ ਦੇ ਦੋਵੇਂ ਸਿਰਿਆਂ ’ਤੇ ਨਮਾਜ਼ ਕਾਇਮ ਰੱਖੋ ਅਤੇ ਰਾਤ ਦੀਆਂ ਘੜੀਆਂ ਵਿਚ ਵੀ (ਨਮਾਜ਼ ਪੜ੍ਹੋ) ਬੇਸ਼ੱਕ ਨੇਕੀਆਂ ਬੁਰਾਈਆਂ ਨੂੰ ਦੂਰ ਕਰ ਦਿੰਦੀਆਂ ਹਨ। ਇਹ ਨਸੀਹਤ ਅੱਲਾਹ ਦਾ ਜ਼ਿਕਰ (ਸਿਮਰਨ) ਕਰਨ ਵਾਲਿਆਂ ਲਈ ਹੈ। وَأَقِمِ ٱلصَّلَوٰةَ طَرَفَىِ ٱلنَّهَارِ وَزُلَفًۭا مِّنَ ٱلَّيْلِ ۚ إِنَّ ٱلْحَسَنَٰتِ يُذْهِبْنَ ٱلسَّيِّـَٔاتِ ۚ ذَٰلِكَ ذِكْرَىٰ لِلذَّٰكِرِينَ. ﴿114﴾
115 (ਹੇ ਨਬੀ!) ਤੁਸੀਂ ਸਬਰ ਤੋਂ ਕੰਮ ਲਵੋ, ਬੇਸ਼ੱਕ ਅੱਲਾਹ ਨੇਕੀਆਂ ਕਰਨ ਵਾਲਿਆਂ ਦਾ ਅਜਰ ਅਜਾਈਂ ਨਹੀਂ ਕਰਦਾ। وَٱصْبِرْ فَإِنَّ ٱللَّهَ لَا يُضِيعُ أَجْرَ ٱلْمُحْسِنِينَ. ﴿115﴾
116 ਤੁਹਾਥੋਂ ਪਹਿਲਾਂ ਬੀਤ ਚੁੱਕੀਆਂ ਉੱਮਤਾਂ ਵਿਚ ਅਜਿਹੇ ਭਲੇ ਲੋਕ ਕਿਉਂ ਨਹੀਂ ਹੋਏ ਜਿਹੜੇ ਲੋਕਾਂ ਨੂੰ ਧਰਤੀ ’ਤੇ ਫ਼ਸਾਦ ਫ਼ੈਲਾਉਣ ਤੋਂ ਰੋਕਦੇ। ਉਹਨਾਂ ਵਿੱਚੋਂ ਬਹੁਤ ਹੀ ਘੱਟ ਲੋਕ ਅਜਿਹੇ ਸਨ ਜਿਨ੍ਹਾਂ ਨੂੰ ਅਸੀਂ (ਅਜ਼ਾਬ ਤੋਂ) ਬਚਾਇਆ ਅਤੇ ਜਿਨ੍ਹਾਂ ਲੋਕਾਂ ਨੇ ਜ਼ੁਲਮ ਕੀਤਾ ਉਹ ਐਸ਼-ਆਰਾਮ ਵਾਲੀਆਂ ਚੀਜ਼ਾਂ ਦੇ ਪਿੱਛੇ ਲੱਗੇ ਰਹੇ, ਉਹ ਸਾਰੇ ਅਪਰਾਧੀ ਹਨ। فَلَوْلَا كَانَ مِنَ ٱلْقُرُونِ مِن قَبْلِكُمْ أُو۟لُوا۟ بَقِيَّةٍۢ يَنْهَوْنَ عَنِ ٱلْفَسَادِ فِى ٱلْأَرْضِ إِلَّا قَلِيلًۭا مِّمَّنْ أَنجَيْنَا مِنْهُمْ ۗ وَٱتَّبَعَ ٱلَّذِينَ ظَلَمُوا۟ مَآ أُتْرِفُوا۟ فِيهِ وَكَانُوا۟ مُجْرِمِينَ. ﴿116﴾
117 (ਹੇ ਨਬੀ!) ਤੁਹਾਡਾ ਰੱਬ ਅਜਿਹਾ ਨਹੀਂ ਕਿ ਉਹ ਬਸਤੀਆਂ ਨੂੰ (ਅਣ ਹੱਕਾ) ਜ਼ੁਲਮ ਤੇ ਅਜ਼ਾਬ ਨਾਲ ਬਰਬਾਦ ਕਰੇ, ਜਦ ਕਿ ਉੱਥੇ ਦੇ ਵਸਨੀਕ (ਸਮਾਜ ਦਾ) ਸੁਧਾਰ ਕਰਨ ਵਾਲੇ ਹੋਣ। وَمَا كَانَ رَبُّكَ لِيُهْلِكَ ٱلْقُرَىٰ بِظُلْمٍۢ وَأَهْلُهَا مُصْلِحُونَ. ﴿117﴾
118 ਜੇ ਤੁਹਾਡਾ ਰੱਬ ਚਾਹੁੰਦਾ ਤਾਂ ਸਾਰੇ ਹੀ ਲੋਕਾਂ ਨੂੰ ਇਕ ਹੀ ਉੱਮਤ (ਸਮੁਦਾਏ) ਬਣਾ ਦਿੰਦਾ। ਪਰ ਉਹ (ਕਾਫ਼ਿਰ) ਸਦਾ ਮਤਭੇਦ ਕਰਦੇ ਹੀ ਰਹਿਣਗੇ। وَلَوْ شَآءَ رَبُّكَ لَجَعَلَ ٱلنَّاسَ أُمَّةًۭ وَٰحِدَةًۭ ۖ وَلَا يَزَالُونَ مُخْتَلِفِينَ. ﴿118﴾
119 ਸਿਵਾਏ ਉਹਨਾਂ ਤੋਂ ਜਿਨ੍ਹਾਂ ’ਤੇ ਤੇਰੇ ਰਬ ਦੀ ਮਿਹਰ ਹੈ ਇਹਨਾਂ ਨੂੰ ਤਾਂ ਪੈਦਾ ਹੀ ਇਸ ਲਈ ਕੀਤਾ ਗਿਆ ਹੈ (ਕਿ ਇਹਨਾਂ ਦੀ ਅਜ਼ਮਾਈਸ਼ ਹੋਵੇ) ਅਤੇ ਤੁਹਾਡੇ ਰੱਬ ਦੀ ਇਹ ਗੱਲ ਵੀ ਪੂਰੀ ਹੋਵੇਗੀ ਕਿ ਮੈਂ ਨਰਕ ਨੂੰ ਜਿੰਨਾਂ ਤੇ ਮਨੁੱਖਾਂ ਨਾਲ ਭਰਾਂਗਾਂ। إِلَّا مَن رَّحِمَ رَبُّكَ ۚ وَلِذَٰلِكَ خَلَقَهُمْ ۗ وَتَمَّتْ كَلِمَةُ رَبِّكَ لَأَمْلَأَنَّ جَهَنَّمَ مِنَ ٱلْجِنَّةِ وَٱلنَّاسِ أَجْمَعِينَ. ﴿119﴾
120 (ਹੇ ਨਬੀ!) ਅਸੀਂ ਰਸੂਲਾਂ ਦੇ ਕਿੱਸਿਆਂ ਵਿੱਚੋਂ ਤੁਹਾਨੂੰ ਉਹ ਕਿੱਸਾ ਸੁਣਾਉਂਦੇ ਹਾਂ ਜਿਸ ਰਾਹੀਂ ਅਸੀਂ ਤੁਹਾਡੇ ਦਿਲ ਨੂੰ ਹੌਸਲੇ ਵਿਚ ਰੱਖੀਏ। ਇਸ (ਕਿੱਸੇ) ਰਾਹੀਂ ਤੁਹਾਡੇ ਕੋਲ ਹੱਕ ਆ ਗਿਆ ਹੈ ਅਤੇ ਮੋਮਿਨਾਂ ਲਈ ਨਸੀਹਤ ਤੇ ਯਾਦ ਰੱਖਣ ਵਾਲੀਆਂ ਗੱਲਾਂ ਹਨ। وَكُلًّۭا نَّقُصُّ عَلَيْكَ مِنْ أَنۢبَآءِ ٱلرُّسُلِ مَا نُثَبِّتُ بِهِۦ فُؤَادَكَ ۚ وَجَآءَكَ فِى هَٰذِهِ ٱلْحَقُّ وَمَوْعِظَةٌۭ وَذِكْرَىٰ لِلْمُؤْمِنِينَ. ﴿120﴾
121 (ਹੇ ਨਬੀ!) ਈਮਾਨ ਨਾ ਲਿਆਉਣ ਵਾਲਿਆਂ ਨੂੰ ਆਖ ਦਿਓ ਕਿ ਤੁਸੀਂ ਆਪਣੀ ਥਾਂ ਕਰਮ ਕਰੋ ਬੈਸ਼ੱਕ ਅਸੀਂ ਵੀ ਕਰਮ ਕਰ ਰਹੇ ਹਾਂ। وَقُل لِّلَّذِينَ لَا يُؤْمِنُونَ ٱعْمَلُوا۟ عَلَىٰ مَكَانَتِكُمْ إِنَّا عَٰمِلُونَ. ﴿121﴾
122 ਤੁਸੀਂ ਵੀ (ਰੱਬੀ ਫ਼ੈਸਲਿਆਂ ਦੀ) ਉਡੀਕ ਕਰੋ ਬੇਸ਼ੱਕ ਅਸੀਂ ਵੀ ਉਡੀਕ ਕਰਦੇ ਹਾਂ। وَٱنتَظِرُوٓا۟ إِنَّا مُنتَظِرُونَ. ﴿122﴾
123 ਅਕਾਸ਼ ਤੇ ਧਰਤੀ ਦਾ ਗ਼ੈਬ (ਗੁਪਤ ਗਿਆਨ) ਅੱਲਾਹ ਲਈ ਹੀ (ਵਿਸ਼ੇਸ਼) ਹੈ। ਸਾਰੇ ਮਾਮਲੇ (ਕੰਮ) ਵੀ ਉਸੇ ਵੱਲ ਪਰਤਾਏ ਜਾਂਦੇ ਹਨ। ਸੋ ਤੁਸੀਂ ਉਸੇ ਦੀ ਇਬਾਦਤ ਕਰੋ ਅਤੇ ਉਸੇ ’ਤੇ ਭਰੋਸਾ ਕਰੋ, ਤੁਸੀਂ ਜੇ ਵੀ ਕਰਦੇ ਹੋ ਉਸ ਤੋਂ ਅੱਲਾਹ ਬੇਖ਼ਬਰ ਨਹੀਂ। وَلِلَّهِ غَيْبُ ٱلسَّمَٰوَٰتِ وَٱلْأَرْضِ وَإِلَيْهِ يُرْجَعُ ٱلْأَمْرُ كُلُّهُۥ فَٱعْبُدْهُ وَتَوَكَّلْ عَلَيْهِ ۚ وَمَا رَبُّكَ بِغَٰفِلٍ عَمَّا تَعْمَلُونَ. ﴿123﴾