القصص
ਪੰਜਾਬੀ Translation with Arabic Quran Text
| ਪੰਜਾਬੀ | العربية |
|---|---|
| 1 ਤਾ, ਸੀਨ, ਮੀਮ। | طسٓمٓ. ﴿1﴾ |
| 2 ਇਹ ਰੌਸ਼ਨ ਕਿਤਾਬ (.ਕੁਰਆਨ) ਦੀਆਂ ਆਇਤਾਂ ਹਨ। | تِلْكَ ءَايَٰتُ ٱلْكِتَٰبِ ٱلْمُبِينِ. ﴿2﴾ |
| 3 ਹੇ ਨਬੀ! ਅਸੀਂ ਤੁਹਾਨੂੰ ਮੂਸਾ ਤੇ ਹਾਰੂਨ ਦਾ ਹਾਲ ਠੀਕ-ਠਾਕ ਸੁਣਾਉਂਦੇ ਹਾਂ, ਇਹ ਕਿੱਸਾ ਉਹਨਾਂ ਲੋਕਾਂ (ਦੇ ਲਾਭ) ਲਈ ਹੈ ਜਿਹੜੇ ਈਮਾਨ ਰੱਖਦੇ ਹਨ। | نَتْلُوا۟ عَلَيْكَ مِن نَّبَإِ مُوسَىٰ وَفِرْعَوْنَ بِٱلْحَقِّ لِقَوْمٍۢ يُؤْمِنُونَ. ﴿3﴾ |
| 4 ਫ਼ਿਰਔਨ ਨੇ ਧਰਤੀ (ਮਿਸਰ) ਉੱਤੇ ਸਰਕਸ਼ੀ (ਬਗਾਵਤ) ਫੈਲਾ ਰੱਖੀ ਸੀ ਅਤੇ ਮਿਸਰ ਦੇ ਲੋਕਾਂ ਨੂੰ ਕਈ ਧੜ੍ਹਿਆਂ ਵਿਚ ਵੰਡ ਸੁੱਟਿਆ ਸੀ। ਉਹਨਾਂ ਵਿੱਚੋਂ ਇਕ ਧੜੇ (ਬਨੀ-ਇਸਰਾਈਲ) ਨੂੰ ਕਮਜ਼ੋਰ ਸਮਝ ਕੇ ਦਬਾ ਕੇ ਰੱਖਦਾ ਸੀ। ਉਹ ਉਹਨਾਂ ਦੇ ਪੁੱਤਰਾਂ ਨੂੰ ਮਾਰ ਸੁੱਟਦਾ ਸੀ ਅਤੇ ਧੀਆਂ ਨੂੰ ਜਿਉਂਦੀਆਂ ਰਖਦਾ ਸੀ। ਅਸਲ ਵਿਚ ਉਹ ਫ਼ਸਾਦੀਆਂ ਵਿੱਚੋਂ ਹੀ ਸੀ। | إِنَّ فِرْعَوْنَ عَلَا فِى ٱلْأَرْضِ وَجَعَلَ أَهْلَهَا شِيَعًۭا يَسْتَضْعِفُ طَآئِفَةًۭ مِّنْهُمْ يُذَبِّحُ أَبْنَآءَهُمْ وَيَسْتَحْىِۦ نِسَآءَهُمْ ۚ إِنَّهُۥ كَانَ مِنَ ٱلْمُفْسِدِينَ. ﴿4﴾ |
| 5 ਅਸੀਂ ਚਾਹੁੰਦੇ ਸੀ ਕਿ ਅਸੀਂ ਉਹਨਾਂ ਲੋਕਾਂ ’ਤੇ ਅਹਿਸਾਨ ਕਰੀਏ, ਜਿਨ੍ਹਾਂ ਨੂੰ ਧਰਤੀ ਉੱਤੇ ਕਮਜ਼ੋਰ (ਬੇ-ਵਸ) ਸਮਝ ਕੇ ਦਬਾ ਕੇ ਰੱਖਿਆ ਗਿਆ ਸੀ, ਉਹਨਾਂ ਨੂੰ ਆਗੂ ਅਤੇ ਉਹਨਾਂ ਨੂੰ ਹੀ (ਮਿਸਰ ਦਾ) ਵਾਰਸ ਬਣਾ ਦਈਏ। | وَنُرِيدُ أَن نَّمُنَّ عَلَى ٱلَّذِينَ ٱسْتُضْعِفُوا۟ فِى ٱلْأَرْضِ وَنَجْعَلَهُمْ أَئِمَّةًۭ وَنَجْعَلَهُمُ ٱلْوَٰرِثِينَ. ﴿5﴾ |
| 6 ਅਤੇ ਇਹ ਵੀ ਇੱਛਾ ਸੀ ਕਿ ਅਸੀਂ ਉਹਨਾਂ (ਕਮਜ਼ੋਰ ਲੋਕਾਂ) ਨੂੰ (ਫ਼ਲਸਤੀਨ ਦੀ ਧਰਤੀ ਦੀ) ਪ੍ਰਭੂਸੱਤਾ ਬਖ਼ਸ਼ੀਏ ਅਤੇ ਫ਼ਿਰਔਨ, ਹਾਮਾਨ ਅਤੇ ਉਹਨਾਂ ਦੀਆਂ ਫ਼ੌਜਾਂ ਨੂੰ (ਉਹਨਾਂ ਕਮਜ਼ੋਰ ਲੋਕਾਂ ਦੇ ਹੱਥੋਂ) ਉਹ (ਭਵਿਸ਼ਵਾਣੀ ਸੱਚ ਕਰ) ਵਿਖਾ ਦਈਏ ਜਿਸ ਤੋਂ ਉਹ ਡਰ ਰਹੇ ਸੀ। | وَنُمَكِّنَ لَهُمْ فِى ٱلْأَرْضِ وَنُرِىَ فِرْعَوْنَ وَهَٰمَٰنَ وَجُنُودَهُمَا مِنْهُم مَّا كَانُوا۟ يَحْذَرُونَ. ﴿6﴾ |
| 7 ਅਸੀਂ ਮੂਸਾ ਦੀ ਮਾਂ ਨੂੰ ਇਸ਼ਾਰਾ ਕੀਤਾ ਕਿ ਤੂੰ ਇਸ (ਮੂਸਾ) ਨੂੰ ਦੁੱਧ ਪਿਆਉਂਦੀ ਰਹਿ ਅਤੇ ਜੇ ਇਸ ਵੱਲੋਂ ਕੋਈ ਚਿੰਤਾ ਹੋਵੇ (ਕਿ ਫ਼ਿਰਔਨ ਦੇ ਬੰਦੇ ਇਸ ਨੂੰ ਮਾਰ ਨਾ ਦੇਣ) ਤਾਂ ਤੂੰ ਇਸ (ਮੂਸਾ) ਨੂੰ ਦਰਿਆ ਵਿਚ ਰੋੜ੍ਹ ਦਈਂ, ਨਾ ਕਿਸੇ ਤਰ੍ਹਾਂ ਦਾ ਕੋਈ ਡਰ ਖ਼ੌਫ ਰੱਖਣਾ ਤੇ ਨਾ ਹੀ ਕੋਈ ਚਿੰਤਾ ਆਦਿ ਕਰਨਾ। ਅਸੀਂ (ਅੱਲਾਹ) ਇਸ (ਮੂਸਾ) ਨੂੰ ਤੇਰੇ ਕੋਲ ਮੋੜ ਲਿਆਵਾਂਗੇ ਅਤੇ ਇਸ ਨੂੰ ਆਪਣੇ ਪੈਗ਼ੰਬਰਾਂ ਵਿਚ ਸ਼ਾਮਲ ਕਰਾਂਗੇ। | وَأَوْحَيْنَآ إِلَىٰٓ أُمِّ مُوسَىٰٓ أَنْ أَرْضِعِيهِ ۖ فَإِذَا خِفْتِ عَلَيْهِ فَأَلْقِيهِ فِى ٱلْيَمِّ وَلَا تَخَافِى وَلَا تَحْزَنِىٓ ۖ إِنَّا رَآدُّوهُ إِلَيْكِ وَجَاعِلُوهُ مِنَ ٱلْمُرْسَلِينَ. ﴿7﴾ |
| 8 ਸੋ ਫ਼ਿਰਔਨ ਦੇ ਘਰ ਵਾਲਿਆਂ ਨੇ ਉਸ (ਮੂਸਾ) ਨੂੰ (ਦਰਿਆ ’ਚੋਂ) ਕੱਢ ਲਿਆ ਤਾਂ ਜੋ ਇਹ (ਮੂਸਾ ਇਕ ਦਿਨ) ਉਹਨਾਂ (ਫ਼ਿਰਔਨੀਆਂ) ਦਾ ਦੁਸ਼ਮਨ ਸਿੱਧ ਹੋਵੇ ਅਤੇ ਉਹਨਾਂ ਦੀ ਚਿੰਤਾ ਦਾ ਕਾਰਨ ਬਣੇ। ਬੇਸ਼ੱਕ ਫ਼ਿਰਔਨ, ਹਾਮਾਨ ਅਤੇ ਉਹਨਾਂ ਦੀਆਂ ਫ਼ੌਜਾਂ (ਸਾਥੀ) ਅਪਰਾਧੀ ਸਨ। | فَٱلْتَقَطَهُۥٓ ءَالُ فِرْعَوْنَ لِيَكُونَ لَهُمْ عَدُوًّۭا وَحَزَنًا ۗ إِنَّ فِرْعَوْنَ وَهَٰمَٰنَ وَجُنُودَهُمَا كَانُوا۟ خَٰطِـِٔينَ. ﴿8﴾ |
| 9 (ਫ਼ਿਰਔਨ ਨੇ ਜਦੋਂ ਉਸ ਬੱਚੇ ਨੂੰ ਕਤਲ ਕਰਨਾ ਚਾਹਿਆ ਤਾਂ) ਫ਼ਿਰਔਨ ਦੀ ਪਤਨੀ ਨੇ ਕਿਹਾ ਇਹ ਬੱਚਾ ਤਾਂ ਤੁਹਾਡੇ ਤੇ ਮੇਰੇ ਲਈ ਅੱਖਾਂ ਦੀ ਠੰਢਕ ਹੈ, ਇਸ ਨੂੰ ਨਾ ਮਾਰੋ, ਹੋ ਸਕਦਾ ਹੈ ਕਿ ਇਹ ਸਾਡੇ ਲਈ ਲਾਹੇਵੰਦ ਸਿੱਧ ਹੋਵੇ ਜਾਂ ਅਸੀਂ ਇਸ ਨੂੰ ਆਪਣਾ ਪੁੱਤਰ ਹੀ ਬਣਾ ਲਈਏ। (ਅਸਲ ਗੱਲ ਤਾਂ ਇਹ ਹੈ ਕਿ) ਉਹ ਇਸ ਦੇ ਸਿੱਟੇ ਤੋਂ ਅਣਜਾਣ ਸੀ ਉਹਨਾਂ ਨੂੰ ਕੁੱਝ ਵੀ ਸਮਝ ਨਹੀਂ ਸੀ (ਕਿ ਉਹ ਕਿਸ ਨੂੰ ਪੁੱਤਰ ਬਣਾ ਰਹੇ ਹਨ)। | وَقَالَتِ ٱمْرَأَتُ فِرْعَوْنَ قُرَّتُ عَيْنٍۢ لِّى وَلَكَ ۖ لَا تَقْتُلُوهُ عَسَىٰٓ أَن يَنفَعَنَآ أَوْ نَتَّخِذَهُۥ وَلَدًۭا وَهُمْ لَا يَشْعُرُونَ. ﴿9﴾ |
| 10 ਉੱਧਰ ਮੂਸਾ ਦੀ ਮਾਂ ਦਾ ਦਿਲ ਬੇਚੈਨ ਸੀ, ਜੇ ਅਸੀਂ ਉਸ ਨੂੰ ਹੌਸਲਾ ਨਾ ਦੁਆਉਂਦੇ ਤਾਂ ਹੋ ਸਕਦਾ ਸੀ ਕਿ ਉਹ ਇਸ ਭੇਦ ਨੂੰ ਹੀ ਖੋਲ ਦਿੰਦੀ। (ਇਹ ਹੌਸਲਾ ਇਸ ਲਈ ਦਿੱਤਾ ਗਿਆ ਸੀ) ਤਾਂ ਜੋ ਉਹ (ਸਾਡੇ ਵਚਨਾਂ ਉੱਤੇ) ਭਰੋਸਾ ਕਰਨ ਵਾਲਿਆਂ ਵਿੱਚੋਂ ਹੋ ਜਾਵੇ। | وَأَصْبَحَ فُؤَادُ أُمِّ مُوسَىٰ فَٰرِغًا ۖ إِن كَادَتْ لَتُبْدِى بِهِۦ لَوْلَآ أَن رَّبَطْنَا عَلَىٰ قَلْبِهَا لِتَكُونَ مِنَ ٱلْمُؤْمِنِينَ. ﴿10﴾ |
| 11 ਮੂਸਾ ਦੀ ਮਾਂ ਨੇ ਉਸ (ਮੂਸਾ) ਦੀ ਭੈਣ ਨੂੰ ਕਿਹਾ ਕਿ ਤੂੰ ਇਸ ਦੇ ਪਿੱਛੇ-ਪਿੱਛੇ ਜਾ ਅਤੇ ਉਹ (ਭੈਣ) ਉਸ (ਮੂਸਾ) ਨੂੰ ਦੂਰ ਤੋਂ ਹੀ ਵੇਖਦੇ ਹੋਏ ਪਿੱਛੇ-ਪਿੱਛੇ ਜਾ ਰਹੀ ਸੀ ਜਦ ਕਿ ਫ਼ਿਰਔਨੀਆਂ ਨੂੰ ਇਸ ਦਾ ਕੁੱਝ ਪਤਾ ਵੀ ਨਹੀਂ ਸੀ। | وَقَالَتْ لِأُخْتِهِۦ قُصِّيهِ ۖ فَبَصُرَتْ بِهِۦ عَن جُنُبٍۢ وَهُمْ لَا يَشْعُرُونَ. ﴿11﴾ |
| 12 ਅਸੀਂ (ਮੂਸਾ ਤੇ ਮੂਸਾ ਦੀ ਭੈਣ ਦੇ ਫ਼ਿਰਔਨ ਦੇ ਦਰਬਾਰ ਵਿਚ ਪਹੁੰਚਣ ਤੋਂ) ਪਹਿਲਾਂ ਹੀ ਮੂਸਾ ਉੱਤੇ ਦਾਈਆਂ ਦਾ ਦੁੱਧ ਹਰਾਮ ਕਰ (ਭਾਵ ਦੁੱਧ ਚੁੰਘਣ ਤੋਂ ਰੋਕ) ਦਿੱਤਾ ਸੀ। ਮੂਸਾ ਦੀ ਭੈਣ ਨੇ (ਫ਼ਿਰਔਨ ਦੀ ਪਤਨੀ ਨੂੰ) ਕਿਹਾ, ਕੀ ਮੈਂ ਤੁਹਾਨੂੰ ਉਹ ਘਰ ਦੱਸਾਂ ਜਿਹੜਾ ਇਸ ਬੱਚੇ ਦਾ ਪਾਲਣ ਪੋਸ਼ਣ ਕਰੇ ਅਤੇ ਇਸ ਬੱਚੇ ਦੇ ਸ਼ੁਭ ਚਿੰਤਕ ਵੀ ਹੋਣ। | ۞ وَحَرَّمْنَا عَلَيْهِ ٱلْمَرَاضِعَ مِن قَبْلُ فَقَالَتْ هَلْ أَدُلُّكُمْ عَلَىٰٓ أَهْلِ بَيْتٍۢ يَكْفُلُونَهُۥ لَكُمْ وَهُمْ لَهُۥ نَٰصِحُونَ. ﴿12﴾ |
| 13 ਇੰਜ ਅਸੀਂ ਉਸ ਬੱਚੇ (ਮੂਸਾ) ਨੂੰ ਉਸ ਦੀ ਮਾਂ ਕੋਲ ਮੋੜ ਲਿਆਂਦਾ ਤਾਂ ਜੋ ਉਸ ਦੀਆਂ ਅੱਖਾਂ ਠੰਡੀਆਂ ਰਹਿਣ ਅਤੇ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਾ ਹੋਵੇ ਅਤੇ ਇਹ ਵੀ ਜਾਣ ਲਵੇ ਕਿ ਬੇਸ਼ੱਕ ਅੱਲਾਹ ਦਾ ਵਾਅਦਾ ਸੱਚਾ ਹੁੰਦਾ ਹੈ, ਪਰ ਵਧੇਰੇ ਲੋਕੀ ਇਹ ਗੱਲ ਨਹੀਂ ਜਾਣਦੇ। | فَرَدَدْنَٰهُ إِلَىٰٓ أُمِّهِۦ كَىْ تَقَرَّ عَيْنُهَا وَلَا تَحْزَنَ وَلِتَعْلَمَ أَنَّ وَعْدَ ٱللَّهِ حَقٌّۭ وَلَٰكِنَّ أَكْثَرَهُمْ لَا يَعْلَمُونَ. ﴿13﴾ |
| 14 ਜਦੋਂ ਮੂਸਾ ਆਪਣੀ ਭਰ ਜਵਾਨੀ ਨੂੰ ਪੁੱਜ ਗਿਆ ਅਤੇ ਸਮਝ ਬੂਝ ਵਾਲਾ ਹੋ ਗਿਆ ਫੇਰ ਅਸੀਂ ਉਸ (ਮੂਸਾ) ਨੂੰ ਹਿਕਮਤ (ਸਮਝਦਾਰੀ) ਤੇ ਗਿਆਨ ਬਖ਼ਸ਼ਿਆ। ਅਸੀਂ ਨੇਕੀ ਕਰਨ ਵਾਲਿਆਂ ਨੂੰ ਇੰਜ ਹੀ ਬਦਲਾ ਦਿਆ ਕਰਦਾ ਹਾਂ। | وَلَمَّا بَلَغَ أَشُدَّهُۥ وَٱسْتَوَىٰٓ ءَاتَيْنَٰهُ حُكْمًۭا وَعِلْمًۭا ۚ وَكَذَٰلِكَ نَجْزِى ٱلْمُحْسِنِينَ. ﴿14﴾ |
| 15 (ਇਕ ਦਿਨ ਮੂਸਾ) ਉਸ ਸ਼ਹਿਰ ਵਿਚ ਅਜਿਹੇ ਵੇਲੇ ਦਾਖ਼ਲ ਹੋਇਆ ਜਦੋਂ ਸ਼ਹਿਰ ਨਿਵਾਸੀ ਬੇਖ਼ਬਰੀ ਵਿਚ ਸਨ। ਉੱਥੇ ਉਸ (ਮੂਸਾ ਨੇ) ਦੋ ਆਦਮੀਆਂ ਨੂੰ ਲੜਦੇ ਵੇਖਿਆ। (ਉਹਨਾਂ ਵਿਚ) ਇਕ ਤਾਂ ਉਸ (ਮੂਸਾ) ਦੀ ਕੌਮ ਵਿੱਚੋਂ ਸੀ ਅਤੇ ਦੂਜਾ ਉਸ ਦੀ ਵੈਰੀ ਕੌਮ ਵਿੱਚੋਂ ਸੀ। ਜਿਹੜਾ (ਮੂਸਾ) ਦੀ ਕੌਮ ਵਿੱਚੋਂ ਸੀ ਉਸ ਨੇ ਉਸ ਦੇ ਵਿਰੁੱਧ, ਜੋ ਉਸ ਦੀ ਕੌਮ ਦਾ ਵੈਰੀ ਸੀ, ਉਸ (ਮੂਸਾ) ਤੋਂ ਸਹਾਇਤਾ ਮੰਗੀ। ਜਿਸ ਤੋਂ ਮੂਸਾ ਨੇ ਉਸ ਦੇ ਇਕ ਮੁੱਕਾ ਜੜ੍ਹ ਦਿੱਤਾ ਜਿਸ ਕਾਰਨ ਉਹ ਮਰ ਗਿਆ। ਮੂਸਾ (ਨੂੰ ਇਸ ਦਾ ਪਛਤਾਵਾ ਹੋਇਆ ਅਤੇ) ਆਖਣ ਲੱਗਾ ਕਿ ਇਹ ਤਾਂ ਸ਼ੈਤਾਨੀ ਕੰਮ ਹੈ, ਬੇਸ਼ੱਕ ਉਹ ਸ਼ੈਤਾਨ (ਮਨੁੱਖ ਦਾ) ਖੁੱਲਾ ਦੁਸ਼ਮਨ ਹੈ ਅਤੇ ਕੁਰਾਹੇ ਪਾਉਂਦਾ ਹੈ। | وَدَخَلَ ٱلْمَدِينَةَ عَلَىٰ حِينِ غَفْلَةٍۢ مِّنْ أَهْلِهَا فَوَجَدَ فِيهَا رَجُلَيْنِ يَقْتَتِلَانِ هَٰذَا مِن شِيعَتِهِۦ وَهَٰذَا مِنْ عَدُوِّهِۦ ۖ فَٱسْتَغَٰثَهُ ٱلَّذِى مِن شِيعَتِهِۦ عَلَى ٱلَّذِى مِنْ عَدُوِّهِۦ فَوَكَزَهُۥ مُوسَىٰ فَقَضَىٰ عَلَيْهِ ۖ قَالَ هَٰذَا مِنْ عَمَلِ ٱلشَّيْطَٰنِ ۖ إِنَّهُۥ عَدُوٌّۭ مُّضِلٌّۭ مُّبِينٌۭ. ﴿15﴾ |
| 16 (ਮੂਸਾ ਨੇ ਮੁਆਫ਼ੀ ਮੰਗਦੇ ਹੋਏ) ਕਿਹਾ ਕਿ ਹੇ ਮੇਰੇ ਮਾਲਿਕ! ਮੈਨੇ ਆਪਣੇ ਆਪ ਨਾਲ ਜ਼ੁਲਮ ਕੀਤਾ ਹੈ, ਸੋ ਤੂੰ ਮੈਨੂੰ ਖਿਮਾ ਕਰ ਦੇ। ਅੱਲਾਹ ਨੇ ਉਸ ਨੂੰ ਮੁਆਫ਼ ਕਰ ਦਿੱਤਾ। ਉਹ ਆਪਣੀਆਂ ਮਿਹਰਾਂ ਸਦਕੇ ਬਖ਼ਸ਼ਣਹਾਰ ਹੈ। | قَالَ رَبِّ إِنِّى ظَلَمْتُ نَفْسِى فَٱغْفِرْ لِى فَغَفَرَ لَهُۥٓ ۚ إِنَّهُۥ هُوَ ٱلْغَفُورُ ٱلرَّحِيمُ. ﴿16﴾ |
| 17 (ਮੂਸਾ) ਨੇ ਆਖਿਆ ਕਿ ਹੇ ਮੇਰੇ ਰੱਬਾ! ਜਿੱਦਾਂ ਤੂੰ ਮੇਰੇ ’ਤੇ ਉਪਕਾਰ ਕੀਤਾ ਹੈ ਹੁਣ ਮੈਂ ਕਦੇ ਵੀ ਕਿਸੇ ਅਪਰਾਧੀ ਦੀ ਮਦਦ ਨਹੀਂ ਕਰਾਂਗਾ। | قَالَ رَبِّ بِمَآ أَنْعَمْتَ عَلَىَّ فَلَنْ أَكُونَ ظَهِيرًۭا لِّلْمُجْرِمِينَ. ﴿17﴾ |
| 18 ਫੇਰ ਮੂਸਾ ਨੇ ਸ਼ਹਿਰ ਵਿਚ ਡਰਦੇ ਡਰਦੇ ਅਤੇ ਇੱਧਰ ਉੱਧਰ ਦੇਖਦੇ ਹੋਏ ਸਵੇਰ ਕੀਤੀ। ਅਚਣਚੇਤ ਉਸ ਨੇ ਵੇਖਿਆ ਕਿ ਜਿਸ ਵਿਅਕਤੀ ਨੇ ਕੱਲ ਉਸ (ਮੂਸਾ) ਤੋਂ ਸਹਾਇਤਾ ਮੰਗੀ ਸੀ (ਅੱਜ ਫੇਰ ਉਸ ਨੂੰ) ਮਦਦ ਲਈ ਕਹਿ ਰਿਹਾ ਹੈ। ਮੂਸਾ ਨੇ ਉਸ ਨੂੰ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਤੂੰ ਤਾਂ ਵਿਗੜ੍ਹਿਆ ਹੋਇਆ ਆਦਮੀ ਹੈ। | فَأَصْبَحَ فِى ٱلْمَدِينَةِ خَآئِفًۭا يَتَرَقَّبُ فَإِذَا ٱلَّذِى ٱسْتَنصَرَهُۥ بِٱلْأَمْسِ يَسْتَصْرِخُهُۥ ۚ قَالَ لَهُۥ مُوسَىٰٓ إِنَّكَ لَغَوِىٌّۭ مُّبِينٌۭ. ﴿18﴾ |
| 19 ਜਦੋਂ (ਮੂਸਾ ਨੇ) ਆਪਣੇ ਅਤੇ ਉਸ ਵਿਅਕਤੀ ਨੂੰ ਫੜਣਾ ਚਾਹਿਆ, ਜਿਹੜਾ ਉਹਨਾਂ ਦੋਹਾਂ ਦਾ ਵੈਰੀ ਸੀ ਤਾਂ ਉਹ (ਇਸਰਾਈਲੀ) ਆਖਣ ਲੱਗਾ ਕਿ ਹੇ ਮੂਸਾ! ਜਿਵੇਂ ਤੂੰ ਕੱਲ ਇਕ ਵਿਅਕਤੀ ਨੂੰ ਕਤਲ ਕੀਤਾ ਸੀ, ਕੀ ਤੂੰ ਉਸੇ ਪ੍ਰਕਾਰ ਮੈਨੂੰ ਵੀ ਮਾਰਨਾ ਚਾਹੁੰਦਾ ਹੈ ? ਤੂੰ ਤਾਂ ਇਹ ਚਾਹੁੰਣਾ ਹੈ ਕਿ ਇਸ ਦੇਸ਼ ਵਿਚ ਜਬਰ ਦੇ ਜ਼ੁਲਮ ਕਰਦਾ ਫਿਰੇਂ, ਤੂੰ ਨਹੀਂ ਚਾਹੁੰਦਾ ਕਿ ਕੋਈ ਸੁਧਾਰ ਹੋਵੇ। | فَلَمَّآ أَنْ أَرَادَ أَن يَبْطِشَ بِٱلَّذِى هُوَ عَدُوٌّۭ لَّهُمَا قَالَ يَٰمُوسَىٰٓ أَتُرِيدُ أَن تَقْتُلَنِى كَمَا قَتَلْتَ نَفْسًۢا بِٱلْأَمْسِ ۖ إِن تُرِيدُ إِلَّآ أَن تَكُونَ جَبَّارًۭا فِى ٱلْأَرْضِ وَمَا تُرِيدُ أَن تَكُونَ مِنَ ٱلْمُصْلِحِينَ. ﴿19﴾ |
| 20 (ਉਸੇ ਵੇਲੇ) ਸ਼ਹਿਰ ਦੇ ਪਰਲੇ ਸਿਰਿਓ ਭੱਜਦਾ ਹੋਇਆ ਇਕ ਵਿਅਕਤੀ ਆਇਆ ਅਤੇ ਆਖਣ ਲੱਗਾ ਕਿ ਹੇ ਮੂਸਾ! (ਮਿਸਰ) ਦੇ ਸਰਦਾਰ ਤੇਰੇ ਵਿਰੁੱਧ ਸਲਾਹਾਂ ਕਰ ਰਹੇ ਹਨ, ਬੱਸ ਤੂੰ (ਛੇਤੀ ਤੋਂ ਛੇਤੀ) ਇੱਥੋਂ ਨਿਕਲ ਜਾ ਮੈਂ ਤੇਰੇ ਸ਼ੁਭ ਚਿੰਤਕਾਂ ਵਿੱਚੋਂ ਹਾਂ। | وَجَآءَ رَجُلٌۭ مِّنْ أَقْصَا ٱلْمَدِينَةِ يَسْعَىٰ قَالَ يَٰمُوسَىٰٓ إِنَّ ٱلْمَلَأَ يَأْتَمِرُونَ بِكَ لِيَقْتُلُوكَ فَٱخْرُجْ إِنِّى لَكَ مِنَ ٱلنَّٰصِحِينَ. ﴿20﴾ |
| 21 (ਇਹ ਸੁਣਦੇ ਹੀ) ਮੂਸਾ ਉਸ ਸ਼ਹਿਰ ’ਚੋਂ ਡਰਦੇ ਸਹਿਮਦੇ ਆਲੇ-ਦੁਆਲੇ ਵੇਖਦੇ ਹੋਏ ਨਿੱਕਲ ਤੁਰਿਆ ਅਤੇ ਆਖਣ ਲੱਗਿਆ ਕਿ ਹੇ ਮੇਰੇ ਪਾਲਣਹਾਰ! ਮੈਨੂੰ ਜ਼ਾਲਮਾਂ ਦੀ ਕੌਮ ਤੋਂ ਸੁਰੱਖਿਅਤ ਰੱਖ। | فَخَرَجَ مِنْهَا خَآئِفًۭا يَتَرَقَّبُ ۖ قَالَ رَبِّ نَجِّنِى مِنَ ٱلْقَوْمِ ٱلظَّٰلِمِينَ. ﴿21﴾ |
| 22 ਜਦੋਂ ਉਹ (ਮੂਸਾ) ਨੇ ਮਦਯਨ ਵੱਲ ਚੱਲ ਪਿਆ ਤਾਂ ਕਹਿਣ ਲੱਗਾ ਕਿ ਆਸ ਹੈ ਕਿ ਮੇਰਾ ਰੱਬ ਮੈਨੂੰ ਸਿੱਧੀ ਰਾਹ ਦੀ ਹਿਦਾਇਤ ਦੇਵੇਗਾ। | وَلَمَّا تَوَجَّهَ تِلْقَآءَ مَدْيَنَ قَالَ عَسَىٰ رَبِّىٓ أَن يَهْدِيَنِى سَوَآءَ ٱلسَّبِيلِ. ﴿22﴾ |
| 23 ਜਦੋਂ ਉਹ ਮਦਯਨ ਦੇ ਪਾਣੀ (ਖੂਹ) ’ਤੇ ਅੱਪੜ੍ਹਿਆ ਤਾਂ ਉੱਥੇ ਉਸ ਨੇ ਲੋਕਾਂ ਦੀ ਇਕ ਭੀੜ ਵੇਖੀ, ਉਹ ਆਪਣੇ ਪਸ਼ੂਆਂ ਨੂੰ ਪਾਣੀ ਪਿਆ ਰਹੇ ਸਨ। ਉੱਥੇ ਹੀ ਉਸ ਨੇ ਦੋ ਔਰਤਾਂ ਦੇਖੀਆਂ ਜਿਹੜੀਆਂ (ਆਪਣੇ ਪਸ਼ੂਆਂ ਨੂੰ) ਰੋਕੀਂ ਵੱਖਰੀਆਂ ਖੜ੍ਹੀਆਂ ਸਨ। ਮੂਸਾ ਨੇ ਉਹਨਾਂ ਤੋਂ ਪੁੱਛਿਆ, ਕੀ ਗੱਲ ਤੁਸੀਂ ਪਾਣੀ ਨਹੀਂ ਪਿਆ ਰਹੀਆਂ? ਉਹ ਬੋਲੀਆਂ ਕਿ ਜਦੋਂ ਤਕ ਇਹ ਆਜੜੀ ਇੱਥੋਂ (ਪਾਣੀ ਪਿਆ ਕੇ) ਮੁੜ ਨਹੀਂ ਜਾਂਦੇ ਅਸੀਂ ਪਾਣੀ ਨਹੀਂ ਪਿਆ ਸਕਦੀਆਂ, ਸਾਡੇ ਪਿਤਾ ਜੀ ਬਹੁਤ ਬ੍ਰਿਧ ਹੋ ਚੁੱਕੇ ਹਨ। | وَلَمَّا وَرَدَ مَآءَ مَدْيَنَ وَجَدَ عَلَيْهِ أُمَّةًۭ مِّنَ ٱلنَّاسِ يَسْقُونَ وَوَجَدَ مِن دُونِهِمُ ٱمْرَأَتَيْنِ تَذُودَانِ ۖ قَالَ مَا خَطْبُكُمَا ۖ قَالَتَا لَا نَسْقِى حَتَّىٰ يُصْدِرَ ٱلرِّعَآءُ ۖ وَأَبُونَا شَيْخٌۭ كَبِيرٌۭ. ﴿23﴾ |
| 24 ਇਹ ਸੁਣ ਕੇ ਮੂਸਾ ਨੇ ਉਹਨਾਂ ਦੇ ਪਸ਼ੂਆਂ ਨੂੰ ਪਾਣੀ ਪਿਆ ਦਿੱਤਾ, ਫੇਰ ਇਕ ਛਾਂ ਵਾਲੀ ਥਾਂ ਜਾ ਕੇ ਬਹਿ ਗਿਆ ਤੇ ਆਖਿਆ ਕਿ ਹੇ ਮੇਰੇ ਰੱਬਾ! ਤੂੰ ਜਿਹੜੀ ਵੀ ਨੇਕੀ ਮੇਰੇ ਵੱਲ ਉਤਾਰਦਾ ਹੈ, ਮੈਂ ਉਸ ਦਾ ਮੁਥਾਜ ਹਾਂ। | فَسَقَىٰ لَهُمَا ثُمَّ تَوَلَّىٰٓ إِلَى ٱلظِّلِّ فَقَالَ رَبِّ إِنِّى لِمَآ أَنزَلْتَ إِلَىَّ مِنْ خَيْرٍۢ فَقِيرٌۭ. ﴿24﴾ |
| 25 (ਕੁੱਝ ਚਿਰ ਮਗਰੋਂ) ਉਹਨਾਂ ਦੋਵਾਂ ਔਰਤਾਂ ਵਿੱਚੋਂ ਇਕ ਔਰਤ ਸ਼ਰਮਾਉਂਦੀ ਲੱਜਾਉਂਦੀ ਹੋਈ ਉਸ ਕੋਲ ਆਈ ਤੇ ਕਹਿਣ ਲੱਗੀ ਕਿ ਤੁਹਾਨੂੰ ਮੇਰੇ ਪਿਤਾ ਜੀ ਨੇ ਬੁਲਾਇਆ ਹੈ ਤਾਂ ਕਿ ਜਿਹੜਾ ਤੁਸੀਂ (ਪਸ਼ੂਆਂ ਨੂੰ) ਪਾਣੀ ਪਿਆਇਆ ਹੈ ਉਸ ਦੀ ਮਜ਼ਦੂਰੀ ਦੇਣ। ਜਦੋਂ ਉਹ ਉਸ (ਪਿਤਾ) ਦੇ ਕੋਲ ਪੁੱਜਿਆ ਅਤੇ ਉਹਨਾਂ ਨੂੰ ਆਪਣੀ ਕਹਾਣੀ ਸੁਣਾਈ ਤਾਂ ਉਹ ਕਹਿਣ ਲੱਗਿਆ ਕਿ ਹੁਣ ਕੋਈ ਡਰਣ ਦੀ ਲੋੜ ਨਹੀਂ, ਤੁਸੀਂ ਜ਼ਾਲਮ ਕੌਮ ਤੋਂ ਨਜਾਤ ਪਾ ਚੁੱਕੇ ਹੋ। | فَجَآءَتْهُ إِحْدَىٰهُمَا تَمْشِى عَلَى ٱسْتِحْيَآءٍۢ قَالَتْ إِنَّ أَبِى يَدْعُوكَ لِيَجْزِيَكَ أَجْرَ مَا سَقَيْتَ لَنَا ۚ فَلَمَّا جَآءَهُۥ وَقَصَّ عَلَيْهِ ٱلْقَصَصَ قَالَ لَا تَخَفْ ۖ نَجَوْتَ مِنَ ٱلْقَوْمِ ٱلظَّٰلِمِينَ. ﴿25﴾ |
| 26 ਉਹਨਾਂ ਦੋਵਾਂ (ਔਰਤਾਂ) ਵਿੱਚੋਂ ਇਕ (ਔਰਤ) ਨੇ ਕਿਹਾ ਕਿ ਪਿਤਾ ਜੀ, ਇਸ ਵਿਅਕਤੀ (ਮੂਸਾ) ਨੂੰ ਮਜ਼ਦੂਰੀ ਲਈ ਰੱਖ ਲਓ, ਮਜ਼ਦੂਰੀ ਲਈ ਸਾਰਿਆਂ ਤੋਂ ਚੰਗਾ ਉਹੀਓ ਹੁੰਦਾ ਹੈ ਜਿਹੜਾ ਤਾਕਤਵਾਰ ਅਤੇ ਅਮਾਨਤਦਾਰ ਵੀ ਹੋਵੇ। | قَالَتْ إِحْدَىٰهُمَا يَٰٓأَبَتِ ٱسْتَـْٔجِرْهُ ۖ إِنَّ خَيْرَ مَنِ ٱسْتَـْٔجَرْتَ ٱلْقَوِىُّ ٱلْأَمِينُ. ﴿26﴾ |
| 27 ਉਸ (ਔਰਤ ਦੇ ਪਿਤਾ ਨੇ ਮੂਸਾ ਨੂੰ) ਕਿਹਾ ਕਿ ਮੈਂ ਆਪਣੀਆਂ ਧੀਆਂ ਵਿੱਚੋਂ ਇਕ ਨੂੰ ਤੇਰੇ ਨਿਕਾਹ ਵਿਚ ਦੇਣਾ ਚਾਹੁੰਦਾ ਹਾਂ ਪਰ ਇਸ ਸ਼ਰਤ ’ਤੇ ਕਿ ਤੁਸੀਂ ਅੱਠ ਸਾਲ (ਮਹਿਰ ਵਜੋਂ) ਮੇਰੀ ਨੌਕਰੀ ਕਰੋਗੇ, ਹਾਂ! ਜੇ ਦਸ ਸਾਲ ਤਕ ਕਰੋ ਤਾਂ ਇਹ ਤੁਹਾਡੀ ਇੱਛਾ ਹੈ ਮੈਂ ਤੁਹਾਡੇ ’ਤੇ ਸਖ਼ਤੀ ਕਰਨਾ ਨਹੀਂ ਚਾਹੁੰਦਾ। ਜੇ ਅੱਲਾਹ ਨੂੰ ਇਹ ਮਨਜ਼ੂਰ ਹੋਇਆ ਤਾਂ ਤੁਸੀਂ ਮੈਨੂੰ ਇਕ ਭਲਾ ਆਦਮੀ ਹੀ ਵੇਖੋਗੇ। | قَالَ إِنِّىٓ أُرِيدُ أَنْ أُنكِحَكَ إِحْدَى ٱبْنَتَىَّ هَٰتَيْنِ عَلَىٰٓ أَن تَأْجُرَنِى ثَمَٰنِىَ حِجَجٍۢ ۖ فَإِنْ أَتْمَمْتَ عَشْرًۭا فَمِنْ عِندِكَ ۖ وَمَآ أُرِيدُ أَنْ أَشُقَّ عَلَيْكَ ۚ سَتَجِدُنِىٓ إِن شَآءَ ٱللَّهُ مِنَ ٱلصَّٰلِحِينَ. ﴿27﴾ |
| 28 (ਮੂਸਾ ਨੇ) ਕਿਹਾ ਕਿ ਇਸ ਗੱਲ ਦੀ (ਸੰਧੀ) ਮੇਰੇ ਤੇ ਤੁਹਾਡੇ ਵਿਚਾਲੇ ਹੈ, ਮੈਂ ਇਹਨਾਂ ਦੋਵਾਂ ਮੁੱਦਤਾਂ ਵਿੱਚੋਂ ਜਿਹੜੀ ਵੀ ਚਾਹਵਾਂ ਪੂਰੀ ਕਰਾਂਗਾ, ਫੇਰ ਮੇਰੇ ਨਾਲ ਕੋਈ ਵਧੀਕੀ ਨਹੀਂ ਹੋਣੀ ਚਾਹੀਦੀ, ਅਸੀਂ ਜੋ ਸੰਧੀ ਕਰ ਰਹੇ ਹਾਂ ਅੱਲਾਹ ਉਸ ਦਾ ਨਿਗਰਾਨ ਹੈ। | قَالَ ذَٰلِكَ بَيْنِى وَبَيْنَكَ ۖ أَيَّمَا ٱلْأَجَلَيْنِ قَضَيْتُ فَلَا عُدْوَٰنَ عَلَىَّ ۖ وَٱللَّهُ عَلَىٰ مَا نَقُولُ وَكِيلٌۭ. ﴿28﴾ |
| 29 ਜਦੋਂ ਮੂਸਾ ਨੇ ਉਹ ਮੁੱਦਤ ਪੂਰੀ ਕਰ ਲਈ ਅਤੇ ਆਪਣੀ ਪਤਨੀ ਨੂੰ ਲੈਕੇ ਟੁਰਿਆ ਤਾਂ ਤੂਰ ਪਹਾੜ ਵੱਲ ਉਸ ਨੇ ਇਕ ਅੱਗ ਵੇਖੀ, ਉਸ ਨੇ ਆਪਣੀ ਪਤਨੀ ਨੂੰ ਕਿਹਾ ਕਿ ਤੂੰ ਇੱਥੇ ਹੀ ਠਹਿਰ ਮੈਂਨੇ ਅੱਗ ਵੇਖੀ ਹੈ, ਹੋ ਸਕਦਾ ਹੈ ਕਿ ਮੈਂ ਉੱਥਿਓਂ ਕੋਈ ਖ਼ਬਰ ਲੈ ਆਵਾਂ ਜਾਂ ਅੱਗ ਦਾ ਅੰਗਿਆਰਾ ਹੀ ਲੈ ਆਵਾਂ ਤਾਂ ਜੋ ਤੁਸੀਂ ਸੇਕ ਸਕੋ। | ۞ فَلَمَّا قَضَىٰ مُوسَى ٱلْأَجَلَ وَسَارَ بِأَهْلِهِۦٓ ءَانَسَ مِن جَانِبِ ٱلطُّورِ نَارًۭا قَالَ لِأَهْلِهِ ٱمْكُثُوٓا۟ إِنِّىٓ ءَانَسْتُ نَارًۭا لَّعَلِّىٓ ءَاتِيكُم مِّنْهَا بِخَبَرٍ أَوْ جَذْوَةٍۢ مِّنَ ٱلنَّارِ لَعَلَّكُمْ تَصْطَلُونَ. ﴿29﴾ |
| 30 ਜਦੋਂ ਉਹ (ਮੂਸਾ ਉਸ ਤੂਰ ਪਹਾੜ) ਕੋਲ ਪਹੁੰਚਿਆ ਤਾਂ ਉਸ ਨੂੰ ਬਰਕਤਾਂ ਵਾਲੀ ਧਰਤੀ ਦੇ ਸੱਜੇ ਕੰਢੇ ਇਕ ਰੁੱਖ ’ਚੋਂ ਆਵਾਜ਼ ਆਈ ਕਿ ਹੇ ਮੂਸਾ! ਮੈਂ ਹੀ ਅੱਲਾਹ ਹਾਂ, ਸਾਰੇ ਜਹਾਨਾਂ ਦਾ ਪਾਲਣਹਾਰ ਹਾਂ। | فَلَمَّآ أَتَىٰهَا نُودِىَ مِن شَٰطِئِ ٱلْوَادِ ٱلْأَيْمَنِ فِى ٱلْبُقْعَةِ ٱلْمُبَٰرَكَةِ مِنَ ٱلشَّجَرَةِ أَن يَٰمُوسَىٰٓ إِنِّىٓ أَنَا ٱللَّهُ رَبُّ ٱلْعَٰلَمِينَ. ﴿30﴾ |
| 31 (ਅਤੇ ਇਹ ਵੀ ਕਿਹਾ ਕਿ) ਤੂੰ ਆਪਣਾ ਅਸਾ (ਲਾਠੀ) ਸੁੱਟ ਦੇ, (ਸੁੱਟਣ ਮਗਰੋਂ) ਜਦੋਂ ਉਸ (ਲਾਠੀ) ਨੂੰ ਵੇਖਿਆ ਤਾਂ ਉਹ ਸੱਪ ਵਾਂਗ ਵੱਲ ਖਾ ਰਹੀ ਸੀ ਤਾਂ ਉਹ (ਮੂਸਾ) ਪਿੱਠ ਮੋੜ ਕੇ ਨੱਸਿਆ ਤੇ ਪਿੱਛੇ ਮੁੜ ਕੇ ਵੀ ਨਹੀਂ ਵੇਖਿਆ। ਅਸੀਂ ਕਿਹਾ ਕਿ ਹੇ ਮੂਸਾ! ਅੱਗੇ ਆ ਤੇ ਨਾ ਡਰ, ਬੇਸ਼ੱਕ ਤੂੰ ਹਰ ਤਰ੍ਹਾਂ ਨਾਲ ਸੁਰੱਖਿਅਤ ਹੈ। | وَأَنْ أَلْقِ عَصَاكَ ۖ فَلَمَّا رَءَاهَا تَهْتَزُّ كَأَنَّهَا جَآنٌّۭ وَلَّىٰ مُدْبِرًۭا وَلَمْ يُعَقِّبْ ۚ يَٰمُوسَىٰٓ أَقْبِلْ وَلَا تَخَفْ ۖ إِنَّكَ مِنَ ٱلْءَامِنِينَ. ﴿31﴾ |
| 32 (ਅਤੇ ਕਿਹਾ ਕਿ) ਆਪਣੇ ਹੱਥ ਨੂੰ ਆਪਣੇ ਗਲਾਂਵੇਂ ਵਿਚ ਪਾ, ਉਹ ਬਿਨਾਂ ਕਿਸੇ ਐਬ ਤੋਂ ਚਮਕਦਾ ਹੋਇਆ ਨਿਕਲੇਗਾ। ਅਤੇ ਡਰ ਭੈਅ ਤੋਂ ਬਚਣ ਲਈ ਆਪਣੀਆਂ ਬਾਵਾਂ ਨੂੰ ਮੀਚ ਲੈ। ਇਹ ਦੋਵੇਂ ਮੁਅਜਜ਼ੇ (ਬੇਵਸ ਕਰਨ ਵਾਲੇ ਰੱਬੀ ਚਮਤਕਾਰ) ਤੇਰੇ ਰੱਬ ਵੱਲੋਂ ਫ਼ਿਰਔਨ ਅਤੇ ਉਸ ਦੇ ਦਰਬਾਰੀਆਂ ਵੱਲ ਭੇਜੇ ਗਏ ਹਨ। ਬੇਸ਼ੱਕ ਉਹ ਸਾਰੇ ਹੀ ਨਾ-ਫ਼ਰਮਾਨ ਲੋਕ ਹਨ। | ٱسْلُكْ يَدَكَ فِى جَيْبِكَ تَخْرُجْ بَيْضَآءَ مِنْ غَيْرِ سُوٓءٍۢ وَٱضْمُمْ إِلَيْكَ جَنَاحَكَ مِنَ ٱلرَّهْبِ ۖ فَذَٰنِكَ بُرْهَٰنَانِ مِن رَّبِّكَ إِلَىٰ فِرْعَوْنَ وَمَلَإِي۟هِۦٓ ۚ إِنَّهُمْ كَانُوا۟ قَوْمًۭا فَٰسِقِينَ. ﴿32﴾ |
| 33 ਮੂਸਾ ਨੇ ਕਿਹਾ ਕਿ ਹੇ ਮੇਰੇ ਮਾਲਿਕ! ਮੈਂ ਤਾਂ ਉਹਨਾਂ ਦਾ ਇਕ ਆਦਮੀ ਕਤਲ ਕਰ ਚੁੱਕਿਆ ਹਾਂ, ਸੋ ਮੈਨੂੰ ਡਰ ਹੈ ਕਿ ਉਹ ਮੈਨੂੰ ਮਾਰ ਦੇਣਗੇ। | قَالَ رَبِّ إِنِّى قَتَلْتُ مِنْهُمْ نَفْسًۭا فَأَخَافُ أَن يَقْتُلُونِ. ﴿33﴾ |
| 34 ਮੇਰਾ ਭਰਾ ਹਾਰੂਨ ਮੈਥੋਂ ਵਧੀਆ ਬੁਲਾਰਾ ਹੈ, ਤੂੰ ਉਸ ਨੂੰ ਮੇਰਾ ਸਹਾਈ ਬਣਾ ਕੇ ਮੇਰੇ ਨਾਲ ਭੇਜ ਦੇ ਤਾਂ ਜੋ ਉਹ ਮੈਨੂੰ ਸੱਚਾ ਸਮਝਣ, ਮੈਨੂੰ ਤਾਂ ਡਰ ਹੈ ਕਿ ਉਹ ਸਾਰੇ (ਫ਼ਿਰਔਨ ਤੇ ਉਸ ਦੇ ਸਾਥੀ) ਮੈਨੂੰ ਝੁਠਲਾ ਦੇਣਗੇ। | وَأَخِى هَٰرُونُ هُوَ أَفْصَحُ مِنِّى لِسَانًۭا فَأَرْسِلْهُ مَعِىَ رِدْءًۭا يُصَدِّقُنِىٓ ۖ إِنِّىٓ أَخَافُ أَن يُكَذِّبُونِ. ﴿34﴾ |
| 35 ਅੱਲਾਹ ਨੇ ਕਿਹਾ ਕਿ ਅਸੀਂ ਤੇਰੇ ਭਰਾ (ਹਾਰੂਨ) ਰਾਹੀਂ ਤੇਰੇ ਹੱਥ ਮਜ਼ਬੂਤ ਕਰ ਦੇਵਾਂਗੇ ਅਤੇ ਤੁਹਾਨੂੰ ਅਜਿਹਾ ਪ੍ਰਤਾਪ ਬਖ਼ਸ਼ਾਂਗੇ ਕਿ ਉਹ (ਫ਼ਿਰਔਨੀ) ਤੁਹਾਡੇ ਤਕ ਪਹੁੰਚ ਵੀ ਨਹੀਂ ਸਕਣਗੇ। ਸਾਡੀਆਂ ਨਿਸ਼ਾਨੀਆਂ (ਮੁਅਜਜ਼ੇ) ਲੈ ਕੇ ਫ਼ਿਰਔਨ ਦੇ ਦਰਬਾਰ ਵਿਚ ਜਾਓ। ਤੁਸੀਂ ਦੋਵੇਂ ਅਤੇ ਤੁਹਾਡੇ ਪੈਰੋਕਾਰ ਹੀ ਭਾਰੂ ਰਹਿਣਗੇ। | قَالَ سَنَشُدُّ عَضُدَكَ بِأَخِيكَ وَنَجْعَلُ لَكُمَا سُلْطَٰنًۭا فَلَا يَصِلُونَ إِلَيْكُمَا ۚ بِـَٔايَٰتِنَآ أَنتُمَا وَمَنِ ٱتَّبَعَكُمَا ٱلْغَٰلِبُونَ. ﴿35﴾ |
| 36 ਜਦੋਂ ਮੂਸਾ ਉਹਨਾਂ (ਫ਼ਿਰਔਨੀਆਂ) ਦੇ ਕੋਲ ਸਾਡੇ ਵੱਲੋਂ ਦਿੱਤੇ ਹੋਏ ਸਪਸ਼ਟ ਮੁਅਜਜ਼ੇ (ਰੱਬੀ ਚਮਤਕਾਰ) ਲੈਕੇ ਪਹੁੰਚਿਆ ਤਾਂ ਉਹ (ਫ਼ਿਰਔਨੀ) ਕਹਿਣ ਲੱਗੇ ਕਿ ਇਹ ਤਾਂ ਘੜ੍ਹਿਆ ਘੜ੍ਹਾਇਆ ਜਾਦੂ ਹੈ। ਅਸੀਂ ਤਾਂ ਆਪਣੇ ਪਿਓ ਦਾਦਿਆਂ ਤੋਂ ਇਹ ਗੱਲਾਂ (ਕਿ ਅੱਲਾਹ ਹੀ ਇੱਕੋ-ਇਕ ਇਸ਼ਟ ਹੈ) ਕਦੇ ਨਹੀਂ ਸੁਣੀਆਂ। | فَلَمَّا جَآءَهُم مُّوسَىٰ بِـَٔايَٰتِنَا بَيِّنَٰتٍۢ قَالُوا۟ مَا هَٰذَآ إِلَّا سِحْرٌۭ مُّفْتَرًۭى وَمَا سَمِعْنَا بِهَٰذَا فِىٓ ءَابَآئِنَا ٱلْأَوَّلِينَ. ﴿36﴾ |
| 37 ਅਤੇ ਮੂਸਾ ਨੇ (ਜਵਾਬ ਵਿਚ) ਕਿਹਾ, ਮੇਰਾ ਰੱਬ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਜਿਹੜਾ ਉਸ ਵੱਲੋਂ ਹਿਦਾਇਤ ਲੈਕੇ ਆਉਂਦਾ ਹੈ ਅਤੇ (ਉਸ ਨੂੰ ਵੀ) ਜਿਸ ਦਾ ਅੰਤ ਚੰਗਾ ਹੋਵੇਗਾ। ਸੱਚੀ ਗੱਲ ਤਾਂ ਇਹ ਹੈ ਕਿ ਜ਼ਾਲਮ ਕਦੇ ਸਫ਼ਲਤਾ ਨਹੀਂ ਪਾਉਂਦੇ। | وَقَالَ مُوسَىٰ رَبِّىٓ أَعْلَمُ بِمَن جَآءَ بِٱلْهُدَىٰ مِنْ عِندِهِۦ وَمَن تَكُونُ لَهُۥ عَٰقِبَةُ ٱلدَّارِ ۖ إِنَّهُۥ لَا يُفْلِحُ ٱلظَّٰلِمُونَ. ﴿37﴾ |
| 38 ਫ਼ਿਰਔਨ ਨੇ ਕਿਹਾ ਕਿ ਹੇ ਦਰਬਾਰੀਓ! ਮੈਂ ਤਾਂ ਤੁਹਾਡੇ ਲਈ ਛੁੱਟ ਆਪਣੇ ਆਪ ਤੋਂ ਹੋਰ ਕਿਸੇ ਇਸ਼ਟ ਨੂੰ ਨਹੀਂ ਜਾਣਦਾ। ਹੇ ਹਾਮਾਨ! ਤੂੰ ਗਾਰੇ ਦੀਆਂ ਇੱਟਾਂ ਨੂੰ ਪਕਵਾ ਕੇ ਮੇਰੇ ਲਈ ਇਕ ਉੱਚਾ ਮਹਿਲ ਤਾਂ ਬਣਵਾ ਤਾਂ ਜੋ (ਇਸ ’ਤੇ ਚੜ੍ਹ ਕੇ) ਮੂਸਾ ਦੇ ਇਸ਼ਟ ਨੂੰ ਵੇਖ ਸਕਾਂ, ਮੈਂ ਤਾਂ ਇਸ ਗੱਲ ਨੂੰ (ਕਿ ਰੱਬ ਅਕਾਸ਼ ’ਤੇ ਰੁ) ਝੂਠ ਸਮਝਦਾ ਹਾਂ। | وَقَالَ فِرْعَوْنُ يَٰٓأَيُّهَا ٱلْمَلَأُ مَا عَلِمْتُ لَكُم مِّنْ إِلَٰهٍ غَيْرِى فَأَوْقِدْ لِى يَٰهَٰمَٰنُ عَلَى ٱلطِّينِ فَٱجْعَل لِّى صَرْحًۭا لَّعَلِّىٓ أَطَّلِعُ إِلَىٰٓ إِلَٰهِ مُوسَىٰ وَإِنِّى لَأَظُنُّهُۥ مِنَ ٱلْكَٰذِبِينَ. ﴿38﴾ |
| 39 ਇਸ (ਫ਼ਿਰਔਨ) ਨੇ ਅਤੇ ਇਸ ਦੀਆਂ ਫ਼ੌਜਾਂ ਨੇ (ਮਿਸਰ ਦੀ) ਧਰਤੀ ’ਤੇ ਨਾ-ਹੱਕਾ ਤਕੱਬਰ (ਘਮੰਡ) ਕੀਤਾ ਅਤੇ ਸਮਝਦੇ ਸੀ ਕਿ ਉਹਨਾਂ ਨੂੰ ਸਾਡੇ ਵੱਲ ਪਰਤਾਇਆ ਨਹੀਂ ਜਾਵੇਗਾ। | وَٱسْتَكْبَرَ هُوَ وَجُنُودُهُۥ فِى ٱلْأَرْضِ بِغَيْرِ ٱلْحَقِّ وَظَنُّوٓا۟ أَنَّهُمْ إِلَيْنَا لَا يُرْجَعُونَ. ﴿39﴾ |
| 40 ਅੰਤ ਅਸੀਂ ਉਸ (ਫ਼ਿਰਔਨ) ਨੂੰ ਅਤੇ ਉਸ ਦੀਆਂ ਫ਼ੌਜਾਂ ਨੂੰ ਫੜ੍ਹਿਆ ਅਤੇ ਦਰਿਆ ਵਿਚ ਸੁੱਟ ਦਿੱਤਾ ਹੁਣ ਵੇਖੋ ਉਹਨਾਂ ਪਾਪੀਆਂ ਦਾ ਅੰਤ ਕਿਹੋ ਜਿਹਾ ਹੋਇਆ ਸੀ। | فَأَخَذْنَٰهُ وَجُنُودَهُۥ فَنَبَذْنَٰهُمْ فِى ٱلْيَمِّ ۖ فَٱنظُرْ كَيْفَ كَانَ عَٰقِبَةُ ٱلظَّٰلِمِينَ. ﴿40﴾ |
| 41 ਅਤੇ ਅਸੀਂ ਉਹਨਾਂ ਨੂੰ ਨਰਕ ਵੱਲ ਸੱਦਾ ਦੇਣ ਵਾਲੇ ਆਗੂ ਬਣਾ ਦਿੱਤਾ ਅਤੇ ਕਿਅਮਾਤ ਵਾਲੇ ਦਿਨ ਉਹਨਾਂ ਦੀ ਕੁੱਝ ਵੀ ਸਹਾਇਤਾ ਨਹੀਂ ਕੀਤੀ ਜਾਵੇਗੀ। | وَجَعَلْنَٰهُمْ أَئِمَّةًۭ يَدْعُونَ إِلَى ٱلنَّارِ ۖ وَيَوْمَ ٱلْقِيَٰمَةِ لَا يُنصَرُونَ. ﴿41﴾ |
| 42 ਅਸੀਂ ਇਸ ਸੰਸਾਰ ਵਿਚ ਵੀ ਉਹਨਾਂ (ਕਾਫ਼ਿਰਾਂ) ਦੇ ਪਿੱਛੇ ਫਿਟਕਾਰ ਲਾ ਦਿੱਤੀ ਅਤੇ ਕਿਆਮਤ ਦਿਹਾੜੇ ਵੀ ਉਹ ਭੈੜੇ ਹਾਲਾਂ ਵਿਚ ਹੋਣਗੇ। | وَأَتْبَعْنَٰهُمْ فِى هَٰذِهِ ٱلدُّنْيَا لَعْنَةًۭ ۖ وَيَوْمَ ٱلْقِيَٰمَةِ هُم مِّنَ ٱلْمَقْبُوحِينَ. ﴿42﴾ |
| 43 ਪਹਿਲੀਆਂ ਉੱਮਤਾਂ (ਨਸਲਾਂ) ਨੂੰ ਹਲਾਕ ਕਰਨ ਮਗਰੋਂ ਅਸੀਂ (ਰੱਬ ਨੇ) ਮੂਸਾ ਨੂੰ ਅਜਿਹੀ ਕਿਤਾਬ (ਤੌਰੈਤ) ਬਖ਼ਸ਼ੀ ਜਿਹੜੀ ਲੋਕਾਂ ਲਈ ਦਾਨਾਈ, ਹਿਦਾਇਤ ਅਤੇ ਰਹਿਮਤ ਬਣ ਕੇ ਆਈ ਸੀ, ਸ਼ਾਇਦ ਕਿ ਉਹ (ਇਸ ਤੋਂ) ਨਸੀਹਤ ਗ੍ਰਹਿਣ ਕਰ ਸਕਣ। | وَلَقَدْ ءَاتَيْنَا مُوسَى ٱلْكِتَٰبَ مِنۢ بَعْدِ مَآ أَهْلَكْنَا ٱلْقُرُونَ ٱلْأُولَىٰ بَصَآئِرَ لِلنَّاسِ وَهُدًۭى وَرَحْمَةًۭ لَّعَلَّهُمْ يَتَذَكَّرُونَ. ﴿43﴾ |
| 44 (ਹੇ ਮੁਹੰਮਦ!) ਜਦੋਂ ਅਸੀਂ ਮੂਸਾ ਨੂੰ ਵਿਸ਼ੇਸ਼ ਹੁਕਮ (ਸ਼ਰੀਅਤ) ਲਈ ਵਹੀ ਘੱਲੀ ਸੀ ਤਾਂ (ਉਸ ਸਮੇਂ) ਤੁਸੀਂ (ਤੂਰ ਦੇ) ਪੱਛਮ ਵੱਲ ਨਹੀਂ ਸੀ ਅਤੇ ਨਾ ਹੀ ਤੁਸੀਂ ਇਸ (ਘਟਨਾ) ਦੇ ਗਵਾਹ ਹੋ। | وَمَا كُنتَ بِجَانِبِ ٱلْغَرْبِىِّ إِذْ قَضَيْنَآ إِلَىٰ مُوسَى ٱلْأَمْرَ وَمَا كُنتَ مِنَ ٱلشَّٰهِدِينَ. ﴿44﴾ |
| 45 ਪਰ ਇਸ ਤੋਂ ਪਿੱਛੋਂ ਅਸੀਂ ਕਈਆਂ ਨਸਲਾਂ ਨੂੰ ਪੈਦਾ ਕੀਤਾ ਅਤੇ ਉਹਨਾਂ ’ਤੇ ਇਕ ਲੰਮਾ ਸਮਾਂ ਬੀਤ ਚੁੱਕਾ ਹੈ। ਤੁਸੀਂ (ਮੁਹੰਮਦ ਸ:) ਮਦਯਨ ਦੇ ਰਹਿਣ ਵਾਲੇ ਨਹੀਂ ਸੀ ਕਿ ਉਹਨਾਂ ਦੇ ਸਾਹਮਣੇ ਸਾਡੀਆਂ ਆਇਤਾਂ (.ਕੁਰਆਨ) ਨੂੰ ਪੜ੍ਹਦੇ, ਅਸਲੀਅਤ ਇਹ ਹੈ ਕਿ ਸਾਰੇ ਰਸੂਲਾਂ ਨੂੰ ਭੇਜਣ ਵਾਲੇ ਅਸੀਂ ਹੀ ਹਾਂ। | وَلَٰكِنَّآ أَنشَأْنَا قُرُونًۭا فَتَطَاوَلَ عَلَيْهِمُ ٱلْعُمُرُ ۚ وَمَا كُنتَ ثَاوِيًۭا فِىٓ أَهْلِ مَدْيَنَ تَتْلُوا۟ عَلَيْهِمْ ءَايَٰتِنَا وَلَٰكِنَّا كُنَّا مُرْسِلِينَ. ﴿45﴾ |
| 46 ਅਤੇ ਤੁਸੀਂ ਤੂਰ (ਪਹਾੜ) ਕੋਲ ਨਹੀਂ ਸੀ ਜਦੋਂ ਅਸੀਂ (ਮੂਸਾ ਨੂੰ) ਅਵਾਜ਼ ਦੇ ਕੇ ਬੁਲਾਇਆ ਸੀ। ਪਰ ਇਹ ਵਹੀ (ਰੱਬੀ ਬਾਣੀ) ਤੇਰੇ ਰੱਬ ਵੱਲੋਂ ਇਕ ਰਹਿਮਤ ਹੈ। ਤਾਂ ਜੋ ਤੁਸੀਂ ਉਹਨਾਂ ਲੋਕਾਂ ਨੂੰ (ਨਰਕ ਤੋਂ) ਸਾਵਧਾਨ ਕਰੋ ਜਿਨ੍ਹਾਂ ਕੋਲ ਤੁਹਾਥੋਂ ਪਹਿਲਾਂ ਕੋਈ ਡਰਾਉਣ ਵਾਲਾ ਨਹੀਂ ਆਇਆ। ਸ਼ਾਇਦ ਕਿ ਉਹ ਨਸੀਹਤ ਗ੍ਰਹਿਣ ਕਰ ਲੈਣ। | وَمَا كُنتَ بِجَانِبِ ٱلطُّورِ إِذْ نَادَيْنَا وَلَٰكِن رَّحْمَةًۭ مِّن رَّبِّكَ لِتُنذِرَ قَوْمًۭا مَّآ أَتَىٰهُم مِّن نَّذِيرٍۢ مِّن قَبْلِكَ لَعَلَّهُمْ يَتَذَكَّرُونَ. ﴿46﴾ |
| 47 ਜੇ ਇਹ ਗੱਲ ਨਾ ਹੁੰਦੀ ਕਿ ਲੋਕਾਂ ਦੀਆਂ ਆਪਣੀਆਂ ਕਰਤੂਤਾਂ ਕਾਰਨ ਉਹਨਾਂ ਉੱਤੇ ਕੋਈ ਮੁਸੀਬਤ ਆ ਜਾਂਦੀ ਤਾਂ ਉਹ ਇਹੋ ਆਖਦੇ ਕਿ ਹੇ ਸਾਡੇ ਰੱਬਾ! ਤੂੰ ਸਾਡੇ ਵੱਲ ਕੋਈ ਪੈਗ਼ੰਬਰ ਕਿਉਂ ਨਹੀਂ ਭੇਜਿਆ ਤਾਂ ਜੋ ਅਸੀਂ ਤੇਰੀਆਂ ਆਇਤਾਂ (ਹੁਕਮ) ਦੀ ਪਾਲਣਾ ਕਰਦੇ ਅਤੇ ਈਮਾਨ ਵਾਲਿਆਂ ਵਿੱਚੋਂ ਹੋ ਜਾਂਦੇ (ਤਾਂ ਅਸੀਂ ਰਸੂਲ ਨਾ ਭੇਜਦੇ)। | وَلَوْلَآ أَن تُصِيبَهُم مُّصِيبَةٌۢ بِمَا قَدَّمَتْ أَيْدِيهِمْ فَيَقُولُوا۟ رَبَّنَا لَوْلَآ أَرْسَلْتَ إِلَيْنَا رَسُولًۭا فَنَتَّبِعَ ءَايَٰتِكَ وَنَكُونَ مِنَ ٱلْمُؤْمِنِينَ. ﴿47﴾ |
| 48 ਫੇਰ ਜਦੋਂ ਸਾਡੇ ਵੱਲੋਂ ਉਹਨਾਂ (ਮੱਕੇ ਵਾਲਿਆਂ) ਕੋਲ ਹੱਕ (.ਕੁਰਆਨ) ਆ ਗਿਆ ਤਾਂ ਕਹਿਣ ਲੱਗੇ ਕਿ ਉਹੀਓ ਚਮਤਕਾਰ ਤੁਹਾਨੂੰ ਕਿਉਂ ਨਹੀਂ ਦਿੱਤੇ ਗਏ ਜਿਵੇਂ ਮੂਸਾ ਨੂੰ ਦਿੱਤੇ ਗਏ ਸੀ? (ਰੱਬ ਪੁੱਛਦਾ ਹੈ ਕਿ ਇਹ ਦੱਸੋ) ਕੀ ਉਹਨਾਂ ਲੋਕਾਂ ਨੇ ਉਹਨਾਂ (ਚਮਤਕਾਰਾਂ) ਨੂੰ ਮੰਣਨ ਤੋਂ ਇਨਕਾਰ ਨਹੀਂ ਸੀ ਕੀਤਾ ਜਿਹੜੇ ਇਸ ਤੋਂ ਪਹਿਲਾਂ ਮੂਸਾ ਨੂੰ ਦਿੱਤੇ ਗਏ ਸਨ ? ਕਹਿੰਦੇ ਹਨ ਕਿ ਦੋਵੇਂ (ਤੌਰੈਤ ਤੇ .ਕੁਰਆਨ) ਜਾਦੂ ਹਨ, ਜੋ ਇਕ ਦੂਜੇ ਦੀ ਮਦਦ ਕਰਦੇ ਹਨ। ਅਸੀਂ ਕਿਸੇ ਨੂੰ ਵੀ ਨਹੀਂ ਮੰਨਦੇ। | فَلَمَّا جَآءَهُمُ ٱلْحَقُّ مِنْ عِندِنَا قَالُوا۟ لَوْلَآ أُوتِىَ مِثْلَ مَآ أُوتِىَ مُوسَىٰٓ ۚ أَوَلَمْ يَكْفُرُوا۟ بِمَآ أُوتِىَ مُوسَىٰ مِن قَبْلُ ۖ قَالُوا۟ سِحْرَانِ تَظَٰهَرَا وَقَالُوٓا۟ إِنَّا بِكُلٍّۢ كَٰفِرُونَ. ﴿48﴾ |
| 49 (ਹੇ ਮੁਹੰਮਦ ਸ:!) ਉਹਨਾਂ ਨੂੰ ਕਹਿ ਦਿਓ! ਜੇ ਤੁਸੀਂ (ਆਪਣੀਆਂ ਦਲੀਲਾਂ ਵਿਚ) ਸੱਚੇ ਹੋ ਤਾਂ ਤੁਸੀਂ ਵੀ ਅੱਲਾਹ ਕੋਲੋਂ ਕੋਈ ਅਜਿਹੀ ਕਿਤਾਬ ਲੈ ਆਓ ਜਿਹੜੀ ਉਹਨਾਂ ਦੋਵਾਂ (.ਕੁਰਆਨ ਤੇ ਤੌਰੈਤ) ਤੋਂ ਵੱਧ ਕੇ ਹਿਦਾਇਤ ਵਾਲੀ ਹੋਵੇ, ਮੈਂ ਉਸੇ ਦੀ ਪੈਰਵੀ ਕਰਾਗਾਂ। | قُلْ فَأْتُوا۟ بِكِتَٰبٍۢ مِّنْ عِندِ ٱللَّهِ هُوَ أَهْدَىٰ مِنْهُمَآ أَتَّبِعْهُ إِن كُنتُمْ صَٰدِقِينَ. ﴿49﴾ |
| 50 ਜੇ ਫੇਰ ਵੀ ਇਹ (ਮੱਕੇ ਵਾਲੇ) ਤੁਹਾਡੀਆਂ ਗੱਲਾਂ ਨੂੰ ਨਹੀਂ ਮੰਨਦੇ ਤਾਂ ਤੁਸੀਂ ਸਮਝ ਲਓ ਕਿ ਇਹ ਤਾਂ ਕੇਵਲ ਆਪਣੀਆਂ ਇੱਛਾਵਾਂ ਦੀ ਹੀ ਪੈਰਵੀ ਕਰ ਰਹੇ ਹਨ। ਇਸ ਤੋਂ ਵੱਧ ਕੇ ਜ਼ਾਲਿਮ ਕੋਣ ਹੋਵੇਗਾ ਜਿਹੜਾ ਬਿਨਾਂ ਰੱਬੀ ਹਿਦਾਇਤ ਤੋਂ ਆਪਣੀਆਂ ਇੱਛਾਵਾਂ ਦੇ ਪਿੱਛੇ ਹੀ ਲੱਗਿਆ ਰਹੇ? ਬੇਸ਼ੱਕ ਅੱਲਾਹ ਜ਼ਾਲਮ ਲੋਕਾਂ ਨੂੰ ਹਿਦਾਇਤ ਨਹੀਂ ਦਿੰਦਾ। | فَإِن لَّمْ يَسْتَجِيبُوا۟ لَكَ فَٱعْلَمْ أَنَّمَا يَتَّبِعُونَ أَهْوَآءَهُمْ ۚ وَمَنْ أَضَلُّ مِمَّنِ ٱتَّبَعَ هَوَىٰهُ بِغَيْرِ هُدًۭى مِّنَ ٱللَّهِ ۚ إِنَّ ٱللَّهَ لَا يَهْدِى ٱلْقَوْمَ ٱلظَّٰلِمِينَ. ﴿50﴾ |
| 51 ਨਿਰਸੰਦੇਹ, ਅਸੀਂ ਲੋਕਾਂ ਦੀ ਹਿਦਾਇਤ ਲਈ ਲੜੀ ਵਾਰ ਆਪਣੀਆਂ ਗੱਲਾਂ (ਭਾਵ ਕੁਰਆਨ) ਨਾਜ਼ਿਲ ਕਰਦੇ ਰਹੇ ਹਾਂ ਤਾਂ ਜੋ ਉਹ ਨਸੀਹਤ ਹਾਸਲ ਕਰ ਸਕਣ। | ۞ وَلَقَدْ وَصَّلْنَا لَهُمُ ٱلْقَوْلَ لَعَلَّهُمْ يَتَذَكَّرُونَ. ﴿51﴾ |
| 52 ਜਿਹਨਾਂ ਲੋਕਾਂ ਨੂੰ ਅਸੀਂ ਇਸ (.ਕੁਰਆਨ) ਤੋਂ ਪਹਿਲਾਂ ਕਿਤਾਬ ਦਿੱਤੀ ਸੀ ਉਹ ਇਸ (.ਕੁਰਆਨ) ’ਤੇ ਵੀ ਈਮਾਨ ਰੱਖਦੇ ਹਨ। | ٱلَّذِينَ ءَاتَيْنَٰهُمُ ٱلْكِتَٰبَ مِن قَبْلِهِۦ هُم بِهِۦ يُؤْمِنُونَ. ﴿52﴾ |
|
53
ਜਦੋਂ ਇਸ (.ਕੁਰਆਨ) ਨੂੰ ਉਹਨਾਂ ਸਾਹਮਣੇ ਪੜ੍ਹਿਆ ਜਾਂਦਾ ਹੈ ਤਾਂ ਉਹ ਕਹਿੰਦੇ ਹਨ ਕਿ ਅਸੀਂ ਇਸ ’ਤੇ ਈਮਾਨ ਲਿਆਏ ਹਾਂ, ਬੇਸ਼ੱਕ ਇਹ ਸਾਡੇ ਰੱਬ ਵੱਲੋਂ ਹੱਕ ਹੈ, ਅਸੀਂ ਤਾਂ ਇਸ ਤੋਂ ਪਹਿਲਾਂ ਹੀ ਮੁਸਲਮਾਨ ਸਾਂ [1] (ਕਿਉਂ ਜੋ ਅਸੀਂ ਪਹਿਲੀਆਂ ਆਸਮਾਨੀ ਕਿਤਾਬਾਂ ਨੂੰ ਸੱਚ ਮੰਨਦੇ ਹਾਂ)।
[1] ਵੇਖੋ ਸੂਰਤ ਅਲ-ਮਾਇਦਾ, ਹਾਸ਼ੀਆ ਆਇਤ 66/5
|
وَإِذَا يُتْلَىٰ عَلَيْهِمْ قَالُوٓا۟ ءَامَنَّا بِهِۦٓ إِنَّهُ ٱلْحَقُّ مِن رَّبِّنَآ إِنَّا كُنَّا مِن قَبْلِهِۦ مُسْلِمِينَ. ﴿53﴾ |
|
54
ਉਹਨਾਂ ਲੋਕਾਂ ਨੂੰ ਉਹਨਾਂ ਦੇ (ਈਮਾਨ ਲਿਆਉਣ ਦਾ) ਦੂਹਰਾ ਬਦਲਾ ਦਿੱਤਾ ਜਾਵੇਗਾ, ਕਿਉਂ ਜੋ ਉਹਨਾਂ ਨੇ (ਅੱਲਾਹ ਦੀ ਰਾਹ ਵਿਚ) ਸਬਰ ਤੋਂ ਕੰਮ ਲਿਆ [2] ਅਤੇ ਬੁਰਾਈ ਨੂੰ ਭਲਾਈ ਨਾਲ ਪਰਾਂ ਕਰਦੇ ਹਨ ਅਤੇ ਜੋ ਕੁੱਝ ਵੀ ਅਸੀਂ ਉਹਨਾਂ ਨੂੰ (ਧੰਨ ਦੌਲਤ) ਦਿੱਤਾ ਹੋਇਆ ਹੈ ਉਸ ਵਿੱਚੋਂ (ਰੱਬੀ ਹੁਕਮਾਂ ਅਨੁਸਾਰ) ਖ਼ਰਚ ਕਰਦੇ ਹਨ।
[2] ਇਸ ਤੋਂ ਭਾਵ ਉਹ ਲੋਕ ਹਨ ਜਿਹੜੇ ਹਰ ਤਰ੍ਹਾਂ ਦੇ ਹਾਲਾਦ ਵਿਚ ਪੈਗ਼ੰਬਰਾਂ ਅਤੇ ਰੱਬੀ ਕਿਤਾਬਾਂ ਉੱਤੇ ਈਮਾਨ ਲਿਆਏ ਅਤੇ ਆਪਣੇ ਈਮਾਨ ਉੱਤੇ ਜਮੇ ਰਹੇ। ਉਹ ਪਹਿਲੇ ਨਬੀ ਉੱਤੇ ਈਮਾਨ ਲਿਆਏ ਉਸ ਮਗਰੋਂ ਦੂਜਾ ਨਬੀ ਆ ਗਿਆ ਤਾਂ ਉਸ ਤੇ ਈਮਾਨ ਲਿਆਏ ਉਹਨ੍ਹਾਂ ਉੱਤੇ ਦੋਹਰਾ ਅਜਰ ਹੈ। ਸਹੀ ਬੁਖ਼ਾਰੀ ਹਦੀਸ 5083 ਵਿਚ ਨਬੀ (ਸ:) ਨੇ ਫ਼ਰਮਾਇਆ ਹੈ ਕਿ ਜਿਹੜੇ ਵਿਅਕਤੀ ਆਪਣੇ ਪੈਗ਼ੰਬਰ ਉੱਤੇ ਈਮਾਨ ਲਿਆਇਆ ਤੇ ਫੇਰ ਮੇਰੇ ਉੱਤੇ ਈਮਾਨ ਲਿਆਇਆ ਉਸ ਨੂੰ ਦੂਰਾ ਸਵਾਬ ਮਿਲੇਗਾ।
|
أُو۟لَٰٓئِكَ يُؤْتَوْنَ أَجْرَهُم مَّرَّتَيْنِ بِمَا صَبَرُوا۟ وَيَدْرَءُونَ بِٱلْحَسَنَةِ ٱلسَّيِّئَةَ وَمِمَّا رَزَقْنَٰهُمْ يُنفِقُونَ. ﴿54﴾ |
| 55 ਜਦੋਂ ਉਹ ਭੈੜੀਆਂ ਗੱਲਾਂ (ਮੁਸ਼ਰਿਕਾਂ, ਕਾਫ਼ਿਰਾਂ ਵੱਲੋਂ) ਸੁਣਦੇ ਹਨ ਤਾਂ ਉਸ ਤੋਂ ਮੂੰਹ ਮੋੜ ਲੈਂਦੇ ਹਨ ਅਤੇ ਆਖਦੇ ਹਨ ਕਿ ਸਾਡੇ ਕਰਮ ਸਾਡੇ ਲਈ ਅਤੇ ਤੁਹਾਡੇ ਕਰਮ ਤੁਹਾਡੇ ਲਈ ਹਨ। ਤੁਹਾਨੂੰ ਸਾਡਾ ਸਲਾਮ ਹੈ, ਅਸੀਂ ਜਾਹਲਾਂ ਨਾਲ ਉਲਝਣਾ ਨਹੀਂ ਚਾਹੁੰਦੇ। | وَإِذَا سَمِعُوا۟ ٱللَّغْوَ أَعْرَضُوا۟ عَنْهُ وَقَالُوا۟ لَنَآ أَعْمَٰلُنَا وَلَكُمْ أَعْمَٰلُكُمْ سَلَٰمٌ عَلَيْكُمْ لَا نَبْتَغِى ٱلْجَٰهِلِينَ. ﴿55﴾ |
| 56 ਹੇ ਨਬੀ! ਤੁਸੀਂ ਜਿਸ ਨੂੰ ਚਾਹੋ ਹਿਦਾਇਤ ਨਹੀਂ ਦੇ ਸਕਦੇ, ਸਗੋਂ ਜਿਸ ਨੂੰ ਅੱਲਾਹ ਚਾਹੁੰਦਾ ਹੈ ਉਸ ਨੂੰ ਹਿਦਾਇਤ ਦਿੰਦਾ ਹੈ। ਉਹ ਹਿਦਾਇਤ ਕਬੂਲ ਕਰਨ ਵਾਲਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। | إِنَّكَ لَا تَهْدِى مَنْ أَحْبَبْتَ وَلَٰكِنَّ ٱللَّهَ يَهْدِى مَن يَشَآءُ ۚ وَهُوَ أَعْلَمُ بِٱلْمُهْتَدِينَ. ﴿56﴾ |
|
57
ਉਹ (ਮੱਕੇ ਦੇ ਮੁਸ਼ਰਿਕ) ਆਖਦੇ ਹਨ ਕਿ ਜੇ ਅਸੀਂ ਤੁਹਾਡੀ ਹਿਦਾਇਤ ਅਨੁਸਾਰ ਪੈਰਵੀਂ ਕਰਾਗਾਂ ਤਾਂ ਅਸੀਂ ਆਪਣੀ ਧਰਤੀ (ਮੱਕੇ) ਵਿੱਚੋਂ ਕੱਢ ਦਿੱਤੇ ਜਾਵਾਂਗੇ। (ਅੱਲਾਹ ਪੁੱਛਦਾ ਹੈ) ਕੀ ਅਸੀਂ ਉਹਨਾਂ ਨੂੰ ਅਮਨ ਸ਼ਾਂਤੀ ਵਾਲੀ ਥਾਂ ‘ਹਰਮ’ ਵਿਚ ਨਿਵਾਸ ਸਥਾਨ ਨਹੀਂ ਦਿੱਤਾ, ਜਿਸ ਵੱਲ ਹਰ ਤਰ੍ਹਾਂ ਦੇ ਫਲ ਰਿਜ਼ਕ ਵਜੋਂ ਸਾਡੇ ਵਲ ਲਿਆਏ ਜਾਂਦੇ ਹਨ, [3]ਪਰ (ਅਫ਼ਸੋਸ) ਉਹਨਾਂ ਵਿੱਚੋਂ ਵਧੇਰੇ (ਲੋਕ) ਕੁੱਝ ਵੀ ਨਹੀਂ ਜਾਣਦੇ।
[3] ਇਹ ਮੱਕੇ ਦੀ ਉਹ ਵਿਸ਼ੇਸ਼ਤਾ ਜਿਸ ਨੂੰ ਲੱਖਾਂ ਹਾਜੀ ਅਤੇ ਉਮਰਾ ਕਰਨ ਵਾਲੇ ਲੋਕ ਹਰ ਸਾਲ ਵੇਖਦੇ ਹਨ ਕਿ ਮੱਕੇ ਵਿਚ ਪੈਦਾਵਾਰ ਨਾ ਹੰਦੇ ਹੋਏ ਵੀ ਹਰ ਤਰ੍ਹਾਂ ਦਾ ਫਲ ਬੜੀ ਆਸਾਨੀ ਨਾਲ ਮਿਲ ਜਾਂਦਾ ਹੈ। ਵੇਖੋ ਸੂਰਤ ਅਨ-ਨਮਲ, ਹਾਸ਼ੀਆ ਆਇਤ 91/27, ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 191/2
|
وَقَالُوٓا۟ إِن نَّتَّبِعِ ٱلْهُدَىٰ مَعَكَ نُتَخَطَّفْ مِنْ أَرْضِنَآ ۚ أَوَلَمْ نُمَكِّن لَّهُمْ حَرَمًا ءَامِنًۭا يُجْبَىٰٓ إِلَيْهِ ثَمَرَٰتُ كُلِّ شَىْءٍۢ رِّزْقًۭا مِّن لَّدُنَّا وَلَٰكِنَّ أَكْثَرَهُمْ لَا يَعْلَمُونَ. ﴿57﴾ |
| 58 ਅਸੀਂ ਕਿੰਨੀਆਂ ਹੀ ਬਸਤੀਆਂ ਨੂੰ ਤਬਾਹ ਕਰ ਚੁੱਕੇ ਹਾਂ ਜਿਹੜੀਆਂ ਆਪਣੀ ਅਰਥ ਵਿਵਸਥਾ ’ਤੇ ਘਮੰਡ ਕਰਦੀਆਂ ਸਨ। ਇਹ ਹਨ ਉਹਨਾਂ ਦੇ (ਉੱਜੜੇ ਹੋਏ) ਘਰ ਜਿਹੜੇ ਉਹਨਾਂ ਮਗਰੋਂ ਬਹੁਤ ਹੀ ਘੱਟ ਆਬਾਦ ਹੋਏ ਹਨ (ਭਾਵ ਖੰਡਰ ਬਣ ਗਏ) ਅਖ਼ੀਰ ਅਸੀਂ ਹੀ ਉਹਨਾਂ ਸਭ ਦੇ ਵਾਰਸ ਹਾਂ। | وَكَمْ أَهْلَكْنَا مِن قَرْيَةٍۭ بَطِرَتْ مَعِيشَتَهَا ۖ فَتِلْكَ مَسَٰكِنُهُمْ لَمْ تُسْكَن مِّنۢ بَعْدِهِمْ إِلَّا قَلِيلًۭا ۖ وَكُنَّا نَحْنُ ٱلْوَٰرِثِينَ. ﴿58﴾ |
| 59 (ਹੇ ਮੁਹੰਮਦ!) ਤੇਰਾ ਰੱਬ ਕਿਸੇ ਵੀ ਬਸਤੀ ਨੂੰ ਉਦੋਂ ਤਕ ਹਲਾਕ ਨਹੀਂ ਕਰਦਾ ਜਦੋਂ ਤੀਕ ਉੱਥੇ ਦੀ ਕਿਸੇ ਵੱਡੀ ਬਸਤੀ ਵਿਚ ਆਪਣਾ ਕੋਈ ਪੈਗ਼ੰਬਰ ਨਹੀਂ ਭੇਜਦਾ, ਉਹ ਉਹਨਾਂ (ਬਸਤੀ ਵਾਲਿਆਂ) ਨੂੰ ਸਾਡੀਆਂ ਆਇਤਾਂ (ਹੁਕਮ) ਸੁਣਾਉਂਦਾ ਹੈ ਅਤੇ ਅਸੀਂ ਉਹਨਾਂ ਬਸਤੀਆਂ ਨੂੰ ਉਦੋਂ ਤਕ ਹਲਾਕ ਨਹੀਂ ਕਰਦੇ ਜਦੋਂ ਤਕ ਉੱਥੇ ਦੇ ਵਸਨੀਕ ਜ਼ੁਲਮ ਕਰਨ ਨਹੀਂ ਲੱਗ ਜਾਂਦੇ। | وَمَا كَانَ رَبُّكَ مُهْلِكَ ٱلْقُرَىٰ حَتَّىٰ يَبْعَثَ فِىٓ أُمِّهَا رَسُولًۭا يَتْلُوا۟ عَلَيْهِمْ ءَايَٰتِنَا ۚ وَمَا كُنَّا مُهْلِكِى ٱلْقُرَىٰٓ إِلَّا وَأَهْلُهَا ظَٰلِمُونَ. ﴿59﴾ |
| 60 ਅਤੇ ਤੁਹਾਨੂੰ ਜੋ ਵੀ ਦਿੱਤਾ ਹੋਇਆ ਹੈ ਉਹ ਤਾਂ ਕੇਵਲ ਸੰਸਾਰਿਕ ਜੀਵਨ ਦੀ ਸਮੱਗਰੀ ਹੈ ਅਤੇ ਉਸ ਦਾ ਸੁਹਪਣ ਹੈ, ਪਰ ਜੋ ਕੁੱਝ ਅੱਲਾਹ ਦੇ ਕੋਲ ਹੈ ਉਹ ਬਹੁਤ ਹੀ ਵਧੀਆ ਹੈ ਅਤੇ ਲੰਮੇ ਸਮੇਂ ਲਈ ਹੈ। ਕੀ ਤੁਸੀਂ ਅਕਲ ਨਹੀਂ ਰੱਖਦੇ? | وَمَآ أُوتِيتُم مِّن شَىْءٍۢ فَمَتَٰعُ ٱلْحَيَوٰةِ ٱلدُّنْيَا وَزِينَتُهَا ۚ وَمَا عِندَ ٱللَّهِ خَيْرٌۭ وَأَبْقَىٰٓ ۚ أَفَلَا تَعْقِلُونَ. ﴿60﴾ |
| 61 ਕੀ ਉਹ ਵਿਅਕਤੀ ਜਿਸ ਨਾਲ ਅਸੀਂ ਨੇਕ ਵਾਅਦਾ ਕੀਤਾ ਹੋਵੇ, ਜਿਸ ਨੂੰ ਉਹ ਪ੍ਰਾਪਤ ਕਰਨ ਵਾਲਾ ਹੈ, ਕਦੇ ਉਸ ਵਿਅਕਤੀ ਵਾਂਗ ਹੋ ਸਕਦਾ ਹੈ ਜਿਸ ਨੂੰ ਅਸੀਂ ਸੰਸਾਰਿਕ ਜੀਵਨ ਦੀ ਸਮੱਗਰੀ ਦੇ ਛੱਡੀ ਹੋਵੇ ਅਤੇ ਅੰਤ ਕਿਆਮਤ ਵਾਲੇ ਦਿਨ ਸਜ਼ਾ ਲਈ ਪੇਸ਼ ਹੋਣ ਵਾਲਿਆਂ ਵਿੱਚੋਂ ਹੋਵੇ। | أَفَمَن وَعَدْنَٰهُ وَعْدًا حَسَنًۭا فَهُوَ لَٰقِيهِ كَمَن مَّتَّعْنَٰهُ مَتَٰعَ ٱلْحَيَوٰةِ ٱلدُّنْيَا ثُمَّ هُوَ يَوْمَ ٱلْقِيَٰمَةِ مِنَ ٱلْمُحْضَرِينَ. ﴿61﴾ |
| 62 ਅਤੇ ਜਿਸ ਦਿਨ ਅੱਲਾਹ ਉਹਨਾਂ ਨੂੰ ਆਵਾਜ਼ ਮਾਰੇਗਾ ਅਤੇ ਪੁੱਛੇਗਾ ਕਿ ਤੁਸੀਂ ਜਿਨ੍ਹਾਂ ਨੂੰ ਆਪਣੇ ਗੁਮਾਨਾਂ ਵਿਚ ਮੇਰਾ ਸ਼ਰੀਕ ਬਣਾਉਂਦੇ ਸੀ ਉਹ (ਅੱਜ) ਕਿੱਥੇ ਹਨ? | وَيَوْمَ يُنَادِيهِمْ فَيَقُولُ أَيْنَ شُرَكَآءِىَ ٱلَّذِينَ كُنتُمْ تَزْعُمُونَ. ﴿62﴾ |
| 63 ਉਹ ਲੋਕ ਜਿਨ੍ਹਾਂ ਲਈ (ਅਜ਼ਾਬ ਦਾ) ਹੁਕਮ ਹੋ ਚੁੱਕਿਆ ਹੋਵੇਗਾ, ਉਹ ਆਖਣਗੇ ਕਿ ਹੇ ਸਾਡੇ ਪਾਲਣਹਾਰ! ਇਹੋ ਉਹ ਲੋਕ ਹਨ, ਜਿਨ੍ਹਾਂ ਨੂੰ ਅਸੀਂ ਕੁਰਾਹੇ ਪਾਇਆ ਸੀ। ਅਸੀਂ ਇਹਨਾਂ ਨੂੰ ਇਸ ਤਰ੍ਹਾਂ ਕੁਰਾਹੇ ਪਾਇਆ, ਜਿੱਦਾਂ ਅਸੀਂ ਆਪ ਭਟਕੇ ਫਿਰਦੇ ਸੀ। ਅਸੀਂ ਤੇਰੇ ਹਜ਼ੂਰ ਐਲਾਨ ਕਰਦੇ ਹਾਂ ਕਿ ਉਹ ਸਾਡੀ ਬੰਦਗੀ ਨਹੀਂ ਸੀ ਕਰਦੇ। | قَالَ ٱلَّذِينَ حَقَّ عَلَيْهِمُ ٱلْقَوْلُ رَبَّنَا هَٰٓؤُلَآءِ ٱلَّذِينَ أَغْوَيْنَآ أَغْوَيْنَٰهُمْ كَمَا غَوَيْنَا ۖ تَبَرَّأْنَآ إِلَيْكَ ۖ مَا كَانُوٓا۟ إِيَّانَا يَعْبُدُونَ. ﴿63﴾ |
| 64 ਅਤੇ ਕਿਹਾ ਜਾਵੇਗਾ ਕਿ ਤੁਸੀਂ ਆਪਣੇ ਸ਼ਰੀਕਾਂ ਨੂੰ ਬੁਲਾਓ, ਉਹ (ਮੁਸ਼ਰਿਕ) ਉਹਨਾਂ ਨੂੰ ਬੁਲਾਉਣਗੇ ਪਰ ਉਹ (ਸ਼ਰੀਕ) ਉਹਨਾਂ ਨੂੰ ਕੋਈ ਉੱਤਰ ਨਹੀਂ ਦੇਣਗੇ ਅਤੇ ਉਹ ਸਾਰੇ (ਮੁਸ਼ਰਿਕ ਤੇ ਸ਼ਰੀਕ) ਅਜ਼ਾਬ ਨੂੰ ਵੇਖਣਗੇ। ਕਿੰਨਾਂ ਚੰਗਾ ਹੁੰਦਾ ਜੇ ਇਹ (ਮੁਸ਼ਰਿਕ ਤੇ ਕਾਫ਼ਿਰ) ਸਿੱਧੇ ਰਾਹ ਤੁਰੇ ਹੁੰਦੇ। | وَقِيلَ ٱدْعُوا۟ شُرَكَآءَكُمْ فَدَعَوْهُمْ فَلَمْ يَسْتَجِيبُوا۟ لَهُمْ وَرَأَوُا۟ ٱلْعَذَابَ ۚ لَوْ أَنَّهُمْ كَانُوا۟ يَهْتَدُونَ. ﴿64﴾ |
| 65 ਜਿਸ (ਕਿਆਮਤ ਵਾਲੇ) ਦਿਨ ਅੱਲਾਹ ਵੱਲੋਂ ਉਹਨਾਂ ਨੂੰ ਪੁੱਛਿਆ ਜਵੇਗਾ ਕਿ (ਜਦੋਂ ਰਸੂਲ ਤੁਹਾਨੂੰ ਰੱਬੀ ਪੈਗ਼ਾਮ ਸੁਣਾਉਂਦੇ ਸੀ ਤਾਂ) ਤੁਸੀਂ ਰਸੂਲਾਂ ਨੂੰ ਕੀ ਉੱਤਰ ਦਿੱਤਾ ਸੀ? | وَيَوْمَ يُنَادِيهِمْ فَيَقُولُ مَاذَآ أَجَبْتُمُ ٱلْمُرْسَلِينَ. ﴿65﴾ |
| 66 ਫੇਰ ਤਾਂ ਉਸ ਦਿਨ ਉਹਨਾਂ ਨੂੰ ਕਿਸੇ ਗੱਲ ਦੀ ਖ਼ਬਰ ਨਹੀਂ ਹੋਵੇਗੀ ਅਤੇ ਉਹ ਇਕ ਦੂਜੇ ਤੋਂ ਕੋਈ ਸਵਾਲ ਤਕ ਨਾ ਕਰ ਸਕਣ ਗੇ। | فَعَمِيَتْ عَلَيْهِمُ ٱلْأَنۢبَآءُ يَوْمَئِذٍۢ فَهُمْ لَا يَتَسَآءَلُونَ. ﴿66﴾ |
| 67 ਹਾਂ ਜਿਹੜਾ ਵਿਅਕਤੀ (ਸੰਸਾਰ ਵਿਚ ਹੀ) ਤੌਬਾ ਕਰਕੇ ਈਮਾਨ ਲੈ ਆਵੇ ਅਤੇ ਨੇਕ ਕੰਮ ਕਰੇ ਉਹ ਆਸ ਕਰ ਸਕਦਾ ਹੈ ਕਿ ਉਹ ਸਫ਼ਲਤਾ ਪਾਉਣ ਵਾਲੇ ਲੋਕਾਂ ਵਿੱਚੋਂ ਹੋਵੇਗਾ। | فَأَمَّا مَن تَابَ وَءَامَنَ وَعَمِلَ صَٰلِحًۭا فَعَسَىٰٓ أَن يَكُونَ مِنَ ٱلْمُفْلِحِينَ. ﴿67﴾ |
| 68 (ਹੇ ਨਬੀ!) ਤੁਹਾਡਾ ਰੱਬ ਜੋ ਚਾਹੁੰਦਾ ਹੈ ਪੈਦਾ ਕਰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ (ਆਪਣੇ ਕਾਰਜ ਲਈ) ਪਸੰਦ ਕਰ ਲੈਂਦਾ ਹੈ। ਉਹਨਾਂ ਲੋਕਾਂ ਦੇ ਹੱਥ ਵਿਚ ਕੁੱਝ ਵੀ ਨਹੀਂ। ਪਵਿੱਤਰਤਾ ਸਾਰੀ ਦੀ ਸਾਰੀ ਅੱਲਾਹ ਲਈ ਹੈ, ਉਹ ਉਹਨਾਂ ਤੋਂ ਬਹੁਤ ਉਚੇਰਾ ਹੈ ਜਿਨ੍ਹਾਂ ਨੂੰ ਲੋਕੀ ਸ਼ਰੀਕ ਬਣਾਉਂਦੇ ਹਨ। | وَرَبُّكَ يَخْلُقُ مَا يَشَآءُ وَيَخْتَارُ ۗ مَا كَانَ لَهُمُ ٱلْخِيَرَةُ ۚ سُبْحَٰنَ ٱللَّهِ وَتَعَٰلَىٰ عَمَّا يُشْرِكُونَ. ﴿68﴾ |
| 69 ਅਤੇ ਤੁਹਾਡਾ ਰੱਬ ਜਾਣਦਾ ਹੈ ਜੋ ਉਹਨਾਂ ਦੇ ਮਨਾਂ ਵਿਚ ਲੁਕਿਆ ਹੋਇਆ ਹੈ ਅਤੇ ਜੋ ਉਹ ਪ੍ਰਗਟ ਕਰ ਰਹੇ ਹਨ। | وَرَبُّكَ يَعْلَمُ مَا تُكِنُّ صُدُورُهُمْ وَمَا يُعْلِنُونَ. ﴿69﴾ |
| 70 ਉਹੀ ਅੱਲਾਹ ਹੈ ਉਸ ਤੋਂ ਛੁੱਟ ਹੋਰ ਕੋਈ ਬੰਦਗੀ ਦੇ ਯੋਗ ਨਹੀਂ। ਸੰਸਾਰ ਵਿਚ ਵੀ ਅਤੇ ਆਖ਼ਿਰਤ ਵਿਚ ਵੀ ਸਾਰੀਆਂ ਤਾਰੀਫ਼ਾ ਉਸੇ ਲਈ ਹਨ, ਉਸੇ ਦਾ ਹੁਕਮ ਚਲਦਾ ਹੈ ਅੰਤ ਉਸੇ ਵੱਲ ਤੁਸੀਂ ਸਾਰੇ ਪਰਤਾਏ ਜਾਓਗੇ। | وَهُوَ ٱللَّهُ لَآ إِلَٰهَ إِلَّا هُوَ ۖ لَهُ ٱلْحَمْدُ فِى ٱلْأُولَىٰ وَٱلْءَاخِرَةِ ۖ وَلَهُ ٱلْحُكْمُ وَإِلَيْهِ تُرْجَعُونَ. ﴿70﴾ |
| 71 (ਹੇ ਨਬੀ!) ਉਹਨਾਂ ਤੋਂ ਪੁੱਛੋ ਕਿ ਜੇ ਅੱਲਾਹ ਤੁਹਾਡੇ ’ਤੇ ਕਿਆਮਤ ਤੀਕ ਲਈ ਰਾਤ ਹੀ ਪਾਈਂ ਰੱਖੇ ਤਾਂ ਅੱਲਾਹ ਤੋਂ ਛੁੱਟ ਹੋਰ ਕੌਣ ਇਸ਼ਟ ਹੈ, ਜਿਹੜਾ ਤੁਹਾਡੇ ਲਈ ਦਿਨ ਦੀ ਰੌਸ਼ਨੀ ਲੈ ਕੇ ਆਵੇ? ਕੀ ਤੁਸੀਂ ਸੁਣਦੇ ਨਹੀਂ? | قُلْ أَرَءَيْتُمْ إِن جَعَلَ ٱللَّهُ عَلَيْكُمُ ٱلَّيْلَ سَرْمَدًا إِلَىٰ يَوْمِ ٱلْقِيَٰمَةِ مَنْ إِلَٰهٌ غَيْرُ ٱللَّهِ يَأْتِيكُم بِضِيَآءٍ ۖ أَفَلَا تَسْمَعُونَ. ﴿71﴾ |
| 72 ਉਹਨਾਂ ਨੂੰ ਪੁੱਛੋ ਕਿ ਜੇ ਅੱਲਾਹ ਤੁਹਾਡੇ ’ਤੇ ਕਿਆਮਤ ਤੀਕ ਸਦਾ ਲਈ ਦਿਨ ਹੀ ਕੱਢੀਂ ਰੱਖੇ (ਰਾਤ ਆਵੇ ਹੀ ਨਾ) ਤਾਂ ਅੱਲਾਹ ਤੋਂ ਛੁੱਟ ਕੋਈ ਇਸ਼ਟ ਅਜਿਹਾ ਹੈ ਜਿਹੜਾ ਤੁਹਾਡੇ ਲਈ ਰਾਤ ਲੈ ਆਵੇ ਕਿ ਤੁਸੀਂ ਆਰਾਮ ਕਰ ਸਕੋਂ? ਕੀ ਤੁਸੀਂ ਵੇਖਦੇ ਨਹੀਂ? | قُلْ أَرَءَيْتُمْ إِن جَعَلَ ٱللَّهُ عَلَيْكُمُ ٱلنَّهَارَ سَرْمَدًا إِلَىٰ يَوْمِ ٱلْقِيَٰمَةِ مَنْ إِلَٰهٌ غَيْرُ ٱللَّهِ يَأْتِيكُم بِلَيْلٍۢ تَسْكُنُونَ فِيهِ ۖ أَفَلَا تُبْصِرُونَ. ﴿72﴾ |
| 73 ਉਸ ਨੇ ਆਪਣੀ ਰਹਿਮਤ ਸਦਕੇ ਤੁਹਾਡੇ ਲਈ ਰਾਤ ਤੇ ਦਿਨ ਬਣਾਏ, ਤਾਂ ਜੋ ਤੁਸੀਂ ਇਸ (ਰਾਤ) ਆਰਾਮ ਕਰ ਸਕੋਂ ਅਤੇ ਤਾਂ ਜੋ (ਦਿਨ ਵਿਚ) ਉਸ ਦਾ ਫਜ਼ਲ (ਰਿਜ਼ਕ) ਲੱਭ ਸਕੋਂ। (ਇਹ ਸਭ ਵੇਖ ਕੇ) ਹੋ ਸਕਦਾ ਹੈ ਕਿ ਤੁਸੀਂ ਧੰਨਵਾਦ ਕਰੋਂ। | وَمِن رَّحْمَتِهِۦ جَعَلَ لَكُمُ ٱلَّيْلَ وَٱلنَّهَارَ لِتَسْكُنُوا۟ فِيهِ وَلِتَبْتَغُوا۟ مِن فَضْلِهِۦ وَلَعَلَّكُمْ تَشْكُرُونَ. ﴿73﴾ |
| 74 ਅਤੇ ਜਿਸ ਦਿਨ ਅੱਲਾਹ ਉਹਨਾਂ (ਮੁਸ਼ਰਿਕਾਂ) ਨੂੰ ਪੁੱਛੇਗਾ ਕਿ ਉਹ (ਇਸ਼ਟ) ਕਿੱਥੇ ਹਨ ਜਿਨ੍ਹਾਂ ਨੂੰ ਤੁਸੀਂ ਮੇਰਾ ਸਾਂਝੀ ਖ਼ਿਆਲ ਕਰਦੇ ਸੀ। | وَيَوْمَ يُنَادِيهِمْ فَيَقُولُ أَيْنَ شُرَكَآءِىَ ٱلَّذِينَ كُنتُمْ تَزْعُمُونَ. ﴿74﴾ |
| 75 ਅਤੇ ਅਸੀਂ ਹਰ ਉੱਮਤ (ਕੌਮ) ਵਿੱਚੋਂ ਇਕ-ਇਕ ਗਵਾਹ ਕੱਢ ਲਿਆਵਾਂਗੇ ਫੇਰ ਅਸੀਂ ਆਖਾਂਗੇ ਕਿ ਤੁਸੀਂ (ਮੇਰਾ ਸ਼ਰੀਕ ਬਣਾਉਣ ਲਈ) ਕੋਈ ਦਲੀਲ ਪੇਸ਼ ਕਰੋ। ਉਸ ਸਮੇਂ ਉਹਨਾਂ ਨੂੰ ਪਤਾ ਲੱਗ ਜਾਵੇਗਾ ਕਿ ਬੇਸ਼ੱਕ ਸੱਚੀ ਗਲ ਤਾਂ ਅੱਲਾਹ ਹੀ ਦੀ ਹੈ ਅਤੇ ਉਹਨਾਂ ਤੋਂ ਉਹ ਸਭ ਗੁਆਚ ਜਾਵੇਗਾ, ਜੋ ਝੂਠ ਉਹ ਘੜਦੇ ਸੀ। | وَنَزَعْنَا مِن كُلِّ أُمَّةٍۢ شَهِيدًۭا فَقُلْنَا هَاتُوا۟ بُرْهَٰنَكُمْ فَعَلِمُوٓا۟ أَنَّ ٱلْحَقَّ لِلَّهِ وَضَلَّ عَنْهُم مَّا كَانُوا۟ يَفْتَرُونَ. ﴿75﴾ |
| 76 ਬੇਸ਼ੱਕ ਕਾਰੂਨ ਵੀ ਮੂਸਾ ਦੀ ਕੌਮ ਵਿੱਚੋਂ ਹੀ ਸੀ, ਪਰ ਉਹ ਉਹਨਾਂ ’ਤੇ ਜ਼ੁਲਮ ਕਰਦਾ ਸੀ। ਅਸੀਂ ਉਸ ਨੂੰ ਇੰਨੇ ਖ਼ਜ਼ਾਨੇ ਦੇ ਰੱਖੇ ਸੀ ਕਿ ਉਸ ਦੀਆਂ ਕੁੰਜੀਆਂ ਦਾ ਭਾਰ ਕਈ ਕਈ ਤਾਕਤਵਰ ਲੋਕਾਂ ਨੂੰ ਵੀ ਥਕਾ ਦਿੰਦੀਆਂ ਸੀ। ਇਕ ਵਾਰ ਉਸ ਦੀ ਕੌਮ ਨੇ ਕਿਹਾ ਕਿ ਤੂੰ ਘਮੰਡ ਨਾ ਕਰ, ਅੱਲਾਹ ਘਮੰਡੀ ਲੋਕਾਂ ਨੂੰ ਪਸੰਦ ਨਹੀਂ ਕਰਦਾ। | ۞ إِنَّ قَٰرُونَ كَانَ مِن قَوْمِ مُوسَىٰ فَبَغَىٰ عَلَيْهِمْ ۖ وَءَاتَيْنَٰهُ مِنَ ٱلْكُنُوزِ مَآ إِنَّ مَفَاتِحَهُۥ لَتَنُوٓأُ بِٱلْعُصْبَةِ أُو۟لِى ٱلْقُوَّةِ إِذْ قَالَ لَهُۥ قَوْمُهُۥ لَا تَفْرَحْ ۖ إِنَّ ٱللَّهَ لَا يُحِبُّ ٱلْفَرِحِينَ. ﴿76﴾ |
| 77 ਅਤੇ ਜੋ (ਦੌਲਤ) ਅੱਲਾਹ ਨੇ ਤੈਨੂੰ ਦਿੱਤੀ ਹੋਈ ਹੈ ਤੂੰ ਉਸ ਨਾਲ ਆਖ਼ਿਰਤ ਦਾ ਘਰ ਬਣਾਉਣ ਦੀ ਵੀ ਚਿੰਤਾ ਕਰ ਅਤੇ ਦੁਨੀਆਂ ਵਿੱਚੋਂ ਵੀ ਆਪਣਾ ਹਿੱਸਾ ਲੈਣਾ ਨਾ ਭੁੱਲੀਂ ਅਤੇ ਜਿਸ ਤਰ੍ਹਾਂ ਅੱਲਾਹ ਨੇ ਤੇਰੇ ’ਤੇ ਅਹਿਸਾਨ ਕੀਤਾ ਹੈ, ਤੂੰ ਵੀ (ਲੋਕਾਂ ’ਤੇ) ਅਹਿਸਾਨ ਕਰ ਅਤੇ ਧਰਤੀ ’ਤੇ ਵਿਗਾੜ ਪੈਦਾ ਨਾ ਕਰ। ਬੇਸ਼ੱਕ ਅੱਲਾਹ ਫ਼ਸਾਦੀਆਂ ਨੂੰ ਪਸੰਦ ਨਹੀਂ ਕਰਦਾ। | وَٱبْتَغِ فِيمَآ ءَاتَىٰكَ ٱللَّهُ ٱلدَّارَ ٱلْءَاخِرَةَ ۖ وَلَا تَنسَ نَصِيبَكَ مِنَ ٱلدُّنْيَا ۖ وَأَحْسِن كَمَآ أَحْسَنَ ٱللَّهُ إِلَيْكَ ۖ وَلَا تَبْغِ ٱلْفَسَادَ فِى ٱلْأَرْضِ ۖ إِنَّ ٱللَّهَ لَا يُحِبُّ ٱلْمُفْسِدِينَ. ﴿77﴾ |
| 78 ਕਾਰੂਨ ਨੇ ਉੱਤਰ ਵਿਚ ਕਿਹਾ ਕਿ ਇਹ ਸਭ ਕੁੱਝ (ਮਾਲਦੌਲਤ) ਮੈਨੂੰ ਮੇਰੀ ਅਕਲ-ਸਮਝ ਕਾਰਨ ਹੀ ਦਿੱਤਾ ਗਿਆ ਹੈ। ਕੀ ਉਹ ਨਹੀਂ ਜਾਣਦਾ ਕਿ ਬੇਸ਼ੱਕ ਅੱਲਾਹ ਇਸ ਤੋਂ ਪਹਿਲਾਂ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਨਸ਼ਟ ਕਰ ਚੁੱਕਿਆ ਹੈ ਜੋ ਇਸ ਤੋਂ ਕਿਤੇ ਵੱਧ ਜ਼ੋਰਾਵਰ ਸੀ ਅਤੇ ਬਹੁਤ ਵੱਡੇ ਧਨਵਾਨ ਸੀ? ਗੁਨਾਹਗਾਰਾਂ (ਪਾਪੀਆਂ) ਤੋਂ ਉਹਨਾਂ ਦੇ ਅਪਰਾਧਾਂ ਪ੍ਰਤੀ ਨਹੀਂ ਪੁੱਛਿਆ ਜਾਂਦਾ। | قَالَ إِنَّمَآ أُوتِيتُهُۥ عَلَىٰ عِلْمٍ عِندِىٓ ۚ أَوَلَمْ يَعْلَمْ أَنَّ ٱللَّهَ قَدْ أَهْلَكَ مِن قَبْلِهِۦ مِنَ ٱلْقُرُونِ مَنْ هُوَ أَشَدُّ مِنْهُ قُوَّةًۭ وَأَكْثَرُ جَمْعًۭا ۚ وَلَا يُسْـَٔلُ عَن ذُنُوبِهِمُ ٱلْمُجْرِمُونَ. ﴿78﴾ |
| 79 ਜਦੋਂ ਉਹ (ਕਾਰੂਨ) ਆਪਣੀ ਕੌਮ ਦੇ ਸਾਹਮਣੇ ਪੂਰੀ ਸੱਜ-ਧੱਜ ਨਾਲ ਨਿਕਲਿਆ ਤਾਂ ਸੰਸਾਰਿਕ ਜੀਵਨ ਦੇ ਮਤਵਾਲੇ ਕਹਿਣ ਲੱਗੇ ਕਿ ਕਾਸ਼! ਸਾਨੂੰ ਵੀ ਕਿਸੇ ਪ੍ਰਕਾਰ ਉਹ ਮਿਲ ਜਾਂਦਾ ਜੋ (ਧੰਨ-ਦੌਲਤ) ਕਾਰੂਨ ਨੂੰ ਦਿੱਤਾ ਗਿਆ ਹੈ। ਬੇਸ਼ੱਕ ਉਹ ਤਾਂ ਕਿਸਮਤ ਦਾ ਧੰਨੀ ਹੈ। | فَخَرَجَ عَلَىٰ قَوْمِهِۦ فِى زِينَتِهِۦ ۖ قَالَ ٱلَّذِينَ يُرِيدُونَ ٱلْحَيَوٰةَ ٱلدُّنْيَا يَٰلَيْتَ لَنَا مِثْلَ مَآ أُوتِىَ قَٰرُونُ إِنَّهُۥ لَذُو حَظٍّ عَظِيمٍۢ. ﴿79﴾ |
| 80 ਪਰ ਜਿਨ੍ਹਾਂ ਨੂੰ ਗਿਆਨ ਦਿੱਤਾ ਗਿਆ ਸੀ ਉਹਨਾਂ ਨੇ ਕਿਹਾ ਕਿ ਅਫ਼ਸੋਸ ਤੁਹਾਡੀਆਂ ਅਕਲਾਂ ’ਤੇ, ਉਸ ਵਿਅਕਤੀ ਲਈ ਅੱਲਾਹ ਵੱਲੋਂ ਚੰਗਾ ਬਦਲਾ ਹੈ ਜਿਹੜਾ ਅੱਲਾਹ ’ਤੇ ਈਮਾਨ ਲਿਆਇਆ ਤੇ ਨੇਕ ਅਮਲ ਕੀਤੇ। ਇਹ ਗੱਲ ਸਬਰ ਕਰਨ ਵਾਲਿਆਂ ਨੂੰ ਹੀ ਸਿਖਾਈ ਜਾਂਦੀ ਹੈ। | وَقَالَ ٱلَّذِينَ أُوتُوا۟ ٱلْعِلْمَ وَيْلَكُمْ ثَوَابُ ٱللَّهِ خَيْرٌۭ لِّمَنْ ءَامَنَ وَعَمِلَ صَٰلِحًۭا وَلَا يُلَقَّىٰهَآ إِلَّا ٱلصَّٰبِرُونَ. ﴿80﴾ |
|
81
ਸੋ ਅਸੀਂ ਉਸ (ਕਾਰੂਨ) ਨੂੰ ਸਨੇ ਉਸ ਦੇ ਮਹਿਲ ਦੇ ਧਰਤੀ ਵਿਚ ਧਸਾ ਦਿੱਤਾ ਅਤੇ ਫੇਰ ਉਸ ਲਈ (ਉਸ ਦੇ ਹਾਮੀਆਂ ਦੀ) ਕੋਈ ਟੋਲੀ ਅਜਿਹੀ ਨਹੀਂ ਸੀ ਜਿਹੜੀ ਅੱਲਾਹ ਦੇ ਮੁਕਾਬਲੇ ਵਿਚ ਉਸ ਦੀ ਮਦਦ ਕਰਦੀ ਅਤੇ ਨਾ ਹੀ ਉਹ ਆਪ ਬਦਲਾ ਲੈ ਸਕਿਆ।[4]
[4] ਇਹ ਰੁ ਉਹ ਅੰਤ ਜਿਹੜਾ ਤਕੱਬਰ ਕਰਨ ਵਾਲਿਆਂ ਦਾ ਹੁੰਦਾ ਹੈ। ਹਦੀਸ ਵਿਚ ਹੈ ਕਿ ਵਡਿਆਈ ਅਤੇ ਹੰਕਾਰ ਨਾਲ ਪਜਾਮਾ, ਪੈਂਟ, ਸ਼ਲਵਾਰ ਜਾਂ ਚਾਦਰਾ ਧਰਤੀ ਉੱਤੇ ਘਸੀਟ ਕੇ ਚਲੱਣ ਵਾਲਾ ਭੈੜੇ ਅੰਜਾਮ ਹੁੰਦਾ ਹੈ। ਇਸੇ ਲਈ ਨਬੀ (ਸ:) ਨੇ ਫ਼ਰਮਾਇਆ ਕਿ ਕਿਆਮਤ ਦੇ ਦਿਹਾੜੇ ਉਸ ਵਿਅਕਤੀ ਵਲ ਨਹੀਂ ਵੇਖੇਗਾ ਜਿਹੜਾ ਘਮੰਡ ਵਿਚ ਆਕੇ ਪਜਾਮਾ ਜਾਂ ਸ਼ਲਵਾਰ ਘਸੀਟ ਕੇ ਚਲਦਾ ਹੈ। (ਸਹੀ ਬੁਖ਼ਾਰੀ, ਹਦੀਸ: 5788)
|
فَخَسَفْنَا بِهِۦ وَبِدَارِهِ ٱلْأَرْضَ فَمَا كَانَ لَهُۥ مِن فِئَةٍۢ يَنصُرُونَهُۥ مِن دُونِ ٱللَّهِ وَمَا كَانَ مِنَ ٱلْمُنتَصِرِينَ. ﴿81﴾ |
| 82 ਅਤੇ ਜਿਹੜੇ ਲੋਕੀ ਕੱਲ ਤੀਕ ਉਸ ਵਾਂਗ ਅਮੀਰ ਬਣਨ ਦੀ ਇੱਛਾ ਰੱਖਦੇ ਸੀ, ਉਹ ਸਵੇਰ ਨੂੰ ਉਠ ਕੇ ਕਹਿਣ ਲੱਗੇ, ਹਾਏ ਅਫ਼ਸੋਸ (ਸਾਡੀ ਭੁੱਲ ਉੱਤੇ)! ਅੱਲਾਹ ਆਪਣੇ ਬੰਦਿਆ ਵਿੱਚੋਂ ਜਿਸ ਨੂੰ ਚਾਹੁੰਦਾ ਹੈ ਖੁੱਲ੍ਹੀ ਰੋਜ਼ੀ ਦਿੰਦਾ ਹੈ ਅਤੇ (ਚਾਹੇ ਤਾਂ) ਤੰਗ ਵੀ ਕਰ ਦਿੰਦਾ ਹੈ। ਜੇ ਅੱਲਾਹ ਸਾਡੇ ’ਤੇ ਆਪਣੀ ਕ੍ਰਿਪਾ ਨਾ ਕਰਦਾ ਤਾਂ ਸਾਨੂੰ ਵੀ ਧੁਸਾ ਦਿੰਦਾ। ਕੀ ਤੁਸੀਂ ਨਹੀਂ ਜਾਣਦੇ ਕਿ ਨਾ-ਸ਼ੁਕਰੇ ਕਦੇ ਸਫ਼ਲ ਨਹੀਂ ਹੁੰਦੇ? | وَأَصْبَحَ ٱلَّذِينَ تَمَنَّوْا۟ مَكَانَهُۥ بِٱلْأَمْسِ يَقُولُونَ وَيْكَأَنَّ ٱللَّهَ يَبْسُطُ ٱلرِّزْقَ لِمَن يَشَآءُ مِنْ عِبَادِهِۦ وَيَقْدِرُ ۖ لَوْلَآ أَن مَّنَّ ٱللَّهُ عَلَيْنَا لَخَسَفَ بِنَا ۖ وَيْكَأَنَّهُۥ لَا يُفْلِحُ ٱلْكَٰفِرُونَ. ﴿82﴾ |
|
83
ਉਹ ਆਖ਼ਿਰਤ ਦਾ ਘਰ(ਸਵਰਗ) ਅਸੀਂ ਉਹਨਾਂ ਲੋਕਾਂ ਨੂੰ ਹੀ ਬਖ਼ਸ਼ਾਂਗੇ ਜਿਹੜੇ ਧਰਤੀ ’ਤੇ ਨਾ ਵਡਿਆਈ ਚਾਹੁੰਦੇ ਹਨ ਤੇ ਨਾ ਹੀ ਫ਼ਸਾਦ। ਰੱਬ ਤੋਂ ਡਰਨ ਵਾਲਿਆਂ ਦਾ ਹੀ ਵਧੀਆ ਅੰਤ ਹੋਵੇਗਾ।[5]
[5] ਵੇਖੋ ਸੂਰਤ ਅਲ-ਹੱਜ, ਹਾਸ਼ੀਆ ਆਇਤ 9/22
|
تِلْكَ ٱلدَّارُ ٱلْءَاخِرَةُ نَجْعَلُهَا لِلَّذِينَ لَا يُرِيدُونَ عُلُوًّۭا فِى ٱلْأَرْضِ وَلَا فَسَادًۭا ۚ وَٱلْعَٰقِبَةُ لِلْمُتَّقِينَ. ﴿83﴾ |
| 84 ਜਿਹੜਾ ਕੋਈ (ਕਿਆਮਤ ਦਿਹਾੜੇ) ਨੇਕੀ ਲਿਆਵੇਗਾ ਉਸ ਨੂੰ ਉਸ (ਨੇਕੀ) ਤੋਂ ਵਧੀਆ ਬਦਲਾ ਮਿਲੇਗਾ ਜਿਹੜਾ ਕੋਈ ਬੁਰਾਈ ਲਿਆਵੇਗਾ ਤਾਂ ਭੈੜੀਆਂ ਕਰਤੂਤਾਂ ਕਰਨ ਵਾਲੇ ਨੂੰ ਉਹੀ ਬਦਲਾ ਮਿਲੇਗਾ, ਜੋ ਉਹ ਕਰਮ ਕਰਦੇ ਸਨ। | مَن جَآءَ بِٱلْحَسَنَةِ فَلَهُۥ خَيْرٌۭ مِّنْهَا ۖ وَمَن جَآءَ بِٱلسَّيِّئَةِ فَلَا يُجْزَى ٱلَّذِينَ عَمِلُوا۟ ٱلسَّيِّـَٔاتِ إِلَّا مَا كَانُوا۟ يَعْمَلُونَ. ﴿84﴾ |
| 85 (ਹੇ ਨਬੀ!) ਜਿਸ ਅੱਲਾਹ ਨੇ ਤੁਹਾਡੇ ’ਤੇ ਇਹ (.ਕੁਰਆਨ) ਨਾਜ਼ਿਲ ਕੀਤਾ ਹੈ ਲਾਜ਼ਮਨ ਉਹ ਤੁਹਾਨੂੰ ਵਧੀਆ ਅੰਤ ਤਕ ਪਹੁੰਚਾਉਣ ਵਾਲਾ ਹੈ। ਆਖ ਦਿਓ ਕਿ ਮੇਰਾ ਰੱਬ ਚੰਗੀ ਤਰ੍ਹਾਂ ਜਾਣਦਾ ਹੈ ਕਿ ਕੌਣ ਹਿਦਾਇਤ ਦੇ ਨਾਲ (ਅੱਲਾਹ ਕੋਲ) ਆਇਆ ਹੈ ਤੇ ਕੌਣ ਗੁਮਰਾਹੀ ਨਾਲ ਆਇਆ ਹੈ। | إِنَّ ٱلَّذِى فَرَضَ عَلَيْكَ ٱلْقُرْءَانَ لَرَآدُّكَ إِلَىٰ مَعَادٍۢ ۚ قُل رَّبِّىٓ أَعْلَمُ مَن جَآءَ بِٱلْهُدَىٰ وَمَنْ هُوَ فِى ضَلَٰلٍۢ مُّبِينٍۢ. ﴿85﴾ |
| 86 (ਹੇ ਨਬੀ!) ਤੁਸੀਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਆਪ ਵੱਲ ਇਹ ਕਿਤਾਬ (.ਕੁਰਆਨ) ਨਾਜ਼ਿਲ ਕੀਤੀ ਜਾਵੇਗੀ। ਇਹਤਾਂ ਤੁਹਾਡੇ ਰੱਬ ਦੀਆਂ ਮਿਹਰਾਂ ਸਦਕੇ ਹੀ ਉੱਤਰਿਆ ਹੈ। ਸੋ ਹੁਣ ਤੁਸੀਂ ਕਦੇ ਵੀ ਕਾਫ਼ਿਰਾਂ ਦਾ ਸਹਾਇਕ ਨਹੀਂ ਬਣੋ। (ਭਾਵ ਕੋਈ ਕੰਮ ਜਾਂ ਗੱਲ ਅਜਿਹੀ ਨਾ ਕਰੋ ਜਿਸ ਤੋਂ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਲਾਭ ਹੋਵੇ)। | وَمَا كُنتَ تَرْجُوٓا۟ أَن يُلْقَىٰٓ إِلَيْكَ ٱلْكِتَٰبُ إِلَّا رَحْمَةًۭ مِّن رَّبِّكَ ۖ فَلَا تَكُونَنَّ ظَهِيرًۭا لِّلْكَٰفِرِينَ. ﴿86﴾ |
| 87 ਅਤੇ ਉਹ (ਕਾਫ਼ਿਰ) ਤੁਹਾਨੂੰ ਅੱਲਾਹ ਦੀਆਂ ਆਇਤਾਂ (.ਕੁਰਆਨ) ਦੇ ਪ੍ਰਚਾਰ ਤੋਂ ਨਾ ਰੋਕ ਦੇਣ ਜਦ ਕਿ ਇਹ ਤੁਹਾਡੇ ਉੱਤੇ ਹੀ ਉਤਾਰੀਆਂ ਗਈਆਂ ਹਨ। ਤੁਸੀਂ (ਉਹਨਾਂ ਨੂੰ) ਆਪਣੇ ਰੱਬ ਵੱਲ ਬਲਾਉਂਦੇ ਰਹੋ ਅਤੇ ਕਦੇ ਵੀ ਸ਼ਿਰਕ ਕਰਨ ਵਾਲਿਆਂ ਵਿੱਚੋਂ ਨਾ ਹੋਣਾ। | وَلَا يَصُدُّنَّكَ عَنْ ءَايَٰتِ ٱللَّهِ بَعْدَ إِذْ أُنزِلَتْ إِلَيْكَ ۖ وَٱدْعُ إِلَىٰ رَبِّكَ ۖ وَلَا تَكُونَنَّ مِنَ ٱلْمُشْرِكِينَ. ﴿87﴾ |
| 88 ਤੁਸੀਂ ਅੱਲਾਹ ਦੇ ਨਾਲ ਕਿਸੇ ਹੋਰ ਨੂੰ ਇਸ਼ਟ ਨਾ ਆਖੋ। ਅੱਲਾਹ ਤੋਂ ਛੁੱਟ ਹੋਰ ਕੋਈ ਵੀ ਇਸ਼ਟ ਨਹੀਂ। ਹਰ ਚੀਜ਼ ਦਾ ਅੰਤ ਹੋਣ ਵਾਲਾ ਹੈ ਸਿਵਾਏ ਉਸ (ਅੱਲਾਹ) ਦੀ ਹਸਤੀ ਤੋਂ, ਉਸੇ ਦਾ ਹੁਕਮ ਚਲਦਾ ਹੈ ਅਤੇ ਤੁਸੀਂ ਸਾਰੇ ਉਸੇ ਵੱਲ ਪਰਤਾਏ ਜਾਵੋਗੇ। | وَلَا تَدْعُ مَعَ ٱللَّهِ إِلَٰهًا ءَاخَرَ ۘ لَآ إِلَٰهَ إِلَّا هُوَ ۚ كُلُّ شَىْءٍ هَالِكٌ إِلَّا وَجْهَهُۥ ۚ لَهُ ٱلْحُكْمُ وَإِلَيْهِ تُرْجَعُونَ. ﴿88﴾ |