الجمعة
ਪੰਜਾਬੀ Translation with Arabic Quran Text
| ਪੰਜਾਬੀ | العربية |
|---|---|
| 1 ਜਿਹੜੀ ਵੀ ਕੋਈ ਚੀਜ਼ ਅਕਾਸ਼ਾਂ ਤੇ ਧਰਤੀ ਵਿਚ ਹੈ ਉਹ ਸਭ ਅੱਲਾਹ ਦੀ ਤਸਬੀਹ (ਪਵਿੱਤਰਤਾ ਦਾ ਵਰਣਨ) ਕਰਦੀ ਹੈ। ਉਹ ਪਾਤਸ਼ਾਹ ਹੈ, ਪਾਕ ਜ਼ਾਤ ਹੈ, ਜ਼ੋਰਾਵਰ ਤੇ ਯੁਕਤੀਮਾਨ ਹੈ। | يُسَبِّحُ لِلَّهِ مَا فِى ٱلسَّمَٰوَٰتِ وَمَا فِى ٱلْأَرْضِ ٱلْمَلِكِ ٱلْقُدُّوسِ ٱلْعَزِيزِ ٱلْحَكِيمِ. ﴿1﴾ |
| 2 ਉਹੀ ਹੈ ਜਿਸ ਨੇ ਅਣਪੜ੍ਹਾਂ ਵਿੱਚ ਇਕ ਰਸੂਲ ਭੇਜਿਆ ਜਿਹੜਾ ਉਹਨਾਂ ਵਿੱਚੋਂ ਹੀ ਸੀ। ਉਹ ਉਹਨਾਂ ਨੂੰ ਉਸ ਦੀਆਂ (ਭਾਵ .ਕੁਰਆਨ ਦੀਆਂ) ਆਇਤਾਂ ਸੁਣਾਉਂਦਾ ਹੈ। ਉਹਨਾਂ ਦਾ ਜੀਵਨ ਸੁਆਰਦਾ ਹੈ ਅਤੇ ਉਹਨਾਂ ਨੂੰ ਕਿਤਾਬ (ਭਾਵ਼ਕੁਰਆਨ) ਤੇ ਹਿਕਮਤ (ਯੁਕਤੀ) ਦੀ ਸਿੱਖਿਆ ਦਿੰਦਾ ਹੈ, ਜਦੋਂ ਕਿ ਇਸ ਤੋਂ ਪਹਿਲਾਂ ਉਹ ਸਪਸ਼ਟ ਕੁਰਾਹੇ ਪਏ ਹੋਏ ਸਨ। | هُوَ ٱلَّذِى بَعَثَ فِى ٱلْأُمِّيِّۦنَ رَسُولًۭا مِّنْهُمْ يَتْلُوا۟ عَلَيْهِمْ ءَايَٰتِهِۦ وَيُزَكِّيهِمْ وَيُعَلِّمُهُمُ ٱلْكِتَٰبَ وَٱلْحِكْمَةَ وَإِن كَانُوا۟ مِن قَبْلُ لَفِى ضَلَٰلٍۢ مُّبِينٍۢ. ﴿2﴾ |
| 3 ਇਹ ਰਸੂਲ ਉਹਨਾਂ ਦੂਜੇ ਲੋਕਾਂ ਲਈ ਵੀ ਭੇਜਿਆ ਗਿਆ ਹੈ ਜਿਹੜੇ ਅਜੇ ਤਕ ਉਹਨਾਂ ਨੂੰ ਨਹੀਂ ਮਿਲੇ। ਉਹ (ਅੱਲਾਹ) ਜ਼ੋਰਾਵਰ ਤੇ ਵੱਡਾ ਯੁਕਤੀਮਾਨ ਹੈ। | وَءَاخَرِينَ مِنْهُمْ لَمَّا يَلْحَقُوا۟ بِهِمْ ۚ وَهُوَ ٱلْعَزِيزُ ٱلْحَكِيمُ. ﴿3﴾ |
| 4 ਇਹ ਅੱਲਾਹ ਦੀ ਕ੍ਰਿਪਾ ਹੈ ਕਿ ਉਹ ਜਿਸ ਨੂੰ ਚਾਹੁੰਦਾ ਹੈ ਆਪਣੀ ਕ੍ਰਿਪਾ ਨਾਲ ਨਿਵਾਜ਼ ਦਿੰਦਾ ਹੈ, ਉਹ ਵੱਡੇ ਫ਼ਜ਼ਲਾਂ ਵਾਲਾ ਹੈ। | ذَٰلِكَ فَضْلُ ٱللَّهِ يُؤْتِيهِ مَن يَشَآءُ ۚ وَٱللَّهُ ذُو ٱلْفَضْلِ ٱلْعَظِيمِ. ﴿4﴾ |
| 5 ਉਹਨਾਂ ਲੋਕਾਂ ਦੀ ਉਦਾਹਰਨ, ਜਿਨ੍ਹਾਂ ਨੂੰ ਤੌਰੈਤ ਦਾ ਚੁੱਕਣਹਾਰ ਬਣਾਇਆ ਗਿਆ ਸੀ, ਪਰ ਉਹ ਉਸ ਦੇ ਭਾਰ ਨੂੰ ਚੁੱਕ ਨਾ ਸਕੇ, ਉਸ ਗਧੇ ਵਾਂਗ ਹੈ ਜਿਹੜਾ ਕਿਤਾਬਾਂ ਦਾ ਬੋਝ ਚੁੱਕਦਾ ਹੈ (ਪਰ ਪੜ੍ਹਦਾ ਨਹੀਂ)। ਇਸ ਤੋਂ ਵੀ ਭੈੜੀ ਉਦਾਹਰਨ ਉਸ ਕੌਮ ਦੀ ਹੈ ਜਿਨ੍ਹਾਂ ਨੇ ਅੱਲਾਹ ਦੀਆਂ ਆਇਤਾਂ (ਆਦੇਸ਼ਾਂ) ਨੂੰ ਝੁਠਲਾ ਦਿੱਤਾ ਹੈ, ਅਜਿਹੇ ਜ਼ਾਲਮਾਂ ਨੂੰ ਅੱਲਾਹ ਹਿਦਾਇਤ ਨਹੀਂ ਦਿੰਦਾ। | مَثَلُ ٱلَّذِينَ حُمِّلُوا۟ ٱلتَّوْرَىٰةَ ثُمَّ لَمْ يَحْمِلُوهَا كَمَثَلِ ٱلْحِمَارِ يَحْمِلُ أَسْفَارًۢا ۚ بِئْسَ مَثَلُ ٱلْقَوْمِ ٱلَّذِينَ كَذَّبُوا۟ بِـَٔايَٰتِ ٱللَّهِ ۚ وَٱللَّهُ لَا يَهْدِى ٱلْقَوْمَ ٱلظَّٰلِمِينَ. ﴿5﴾ |
| 6 (ਹੇ ਨਬੀ!) ਤੁਸੀਂ ਆਖ ਦਿਓ ਕਿ ਹੇ ਯਹੂਦੀ ਬਣ ਜਾਣ ਵਾਲੇ ਲੋਕੋ! ਜੇ ਤੁਸੀਂ ਇਸ ਗੱਲ ਦਾ ਮਾਨ ਕਰਦੇ ਹੋ ਕਿ ਬਾਕੀ ਸਾਰਿਆਂ ਲੋਕਾਂ ਨੂੰ ਛੱਡ ਕੇ ਕੇਵਲ ਤੁਸੀਂ ਹੀ ਅੱਲਾਹ ਦੇ ਦੋਸਤ ਹੋ ਤਾਂ ਰਤਾ ਮੌਤ ਦੀ ਇੱਛਾ ਤਾਂ ਕਰੋ ਜੇ ਤੁਸੀਂ (ਆਪਣੀ ਕੱਥਣੀ ਵਿਚ) ਸੱਚੇ ਹੋ। | قُلْ يَٰٓأَيُّهَا ٱلَّذِينَ هَادُوٓا۟ إِن زَعَمْتُمْ أَنَّكُمْ أَوْلِيَآءُ لِلَّهِ مِن دُونِ ٱلنَّاسِ فَتَمَنَّوُا۟ ٱلْمَوْتَ إِن كُنتُمْ صَٰدِقِينَ. ﴿6﴾ |
| 7 ਉਹ ਕਦੇ ਵੀ ਇਹ ਇੱਛਾ ਨਹੀਂ ਕਰਨਗੇ, ਕਿਉਂ ਜੋ ਉਹ ਆਪਣੀਆਂ ਭੈੜੀਆਂ ਕਰਤੂਤਾਂ ਆਪਣੇ ਹੱਥੀ ਅੱਗੇ ਭੇਜ ਚੁੱਕੇ ਹਨ। ਅੱਲਾਹ ਜ਼ਾਲਮਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। | وَلَا يَتَمَنَّوْنَهُۥٓ أَبَدًۢا بِمَا قَدَّمَتْ أَيْدِيهِمْ ۚ وَٱللَّهُ عَلِيمٌۢ بِٱلظَّٰلِمِينَ. ﴿7﴾ |
| 8 ਇਹਨਾਂ ਨੂੰ ਆਖੋ ਕਿ ਜਿਸ ਮੌਤ ਤੋਂ ਤੁਸੀਂ ਨੱਸਦੇ ਹੋ ਉਹ ਜ਼ਰੂਰ ਹੀ ਤੁਹਾਨੂੰ ਮਿਲਣ ਵਾਲੀ ਹੈ। ਤੁਸੀਂ ਉਸੇ ਵੱਲ ਪਰਤਾਏ ਜਾਵੋਗੇ ਜਿਹੜਾ ਗੁਪਤ ਅਤੇ ਪ੍ਰਗਟ ਦਾ ਜਾਣਨਹਾਰ ਹੈ। ਉਹ ਤੁਹਾਨੂੰ ਦੱਸੇਗਾ ਜੋ ਤੁਸੀਂ (ਸੰਸਾਰ ਵਿਚ) ਕਰਦੇ ਸੀ। | قُلْ إِنَّ ٱلْمَوْتَ ٱلَّذِى تَفِرُّونَ مِنْهُ فَإِنَّهُۥ مُلَٰقِيكُمْ ۖ ثُمَّ تُرَدُّونَ إِلَىٰ عَٰلِمِ ٱلْغَيْبِ وَٱلشَّهَٰدَةِ فَيُنَبِّئُكُم بِمَا كُنتُمْ تَعْمَلُونَ. ﴿8﴾ |
| 9 ਹੇ ਈਮਾਨ ਵਾਲਿਓ! ਜਦੋਂ ਜੁਮੇ (ਸ਼ੁੱਕਰਵਾਰ) ਦੇ ਦਿਹਾੜੇ ਨਮਾਜ਼ ਲਈ ਅਜ਼ਾਨ ਦਿੱਤੀ ਜਾਵੇ ਤਾਂ ਤੁਸੀਂ ਅੱਲਾਹ ਦੇ ਜ਼ਿਕਰ (ਭਾਵ ਨਮਾਜ਼ ਲਈ ਮਸੀਤ ਵੱਲ) ਨੱਸੋ ਅਤੇ ਖ਼ਰੀਦ-ਵੇਚ (ਵਪਾਰ) ਕਰਨਾ ਛੱਡ ਦਿਓ। ਇਹੋ ਤੁਹਾਡੇ ਲਈ ਵਧੇਰੇ ਚੰਗਾ ਹੈ ਜੇ ਤੁਸੀਂ ਜਾਣਦੇ ਹੋ। | يَٰٓأَيُّهَا ٱلَّذِينَ ءَامَنُوٓا۟ إِذَا نُودِىَ لِلصَّلَوٰةِ مِن يَوْمِ ٱلْجُمُعَةِ فَٱسْعَوْا۟ إِلَىٰ ذِكْرِ ٱللَّهِ وَذَرُوا۟ ٱلْبَيْعَ ۚ ذَٰلِكُمْ خَيْرٌۭ لَّكُمْ إِن كُنتُمْ تَعْلَمُونَ. ﴿9﴾ |
| 10 ਜਦੋਂ ਨਮਾਜ਼ ਪੂਰੀ ਹੋ ਜਾਵੇ ਫੇਰ ਤੁਸੀਂ ਧਰਤੀ ਉੱਤੇ ਖਿਲਰ ਜਾਓ ਅਤੇ ਅੱਲਾਹ ਦੇ ਫ਼ਜ਼ਲਾਂ (ਰੋਜ਼ੀ) ਦੀ ਭਾਲ ਕਰੋ ਅੱਲਾਹ ਨੂੰ ਵੱਧ ਤੋਂ ਵੱਧ ਯਾਦ ਕਰੋ, ਸ਼ਾਇਦ ਕਿ ਤੁਸੀਂ ਸਫ਼ਲਤਾ ਨੂੰ ਪ੍ਰਾਪਤ ਕਰ ਸਕੋ। | فَإِذَا قُضِيَتِ ٱلصَّلَوٰةُ فَٱنتَشِرُوا۟ فِى ٱلْأَرْضِ وَٱبْتَغُوا۟ مِن فَضْلِ ٱللَّهِ وَٱذْكُرُوا۟ ٱللَّهَ كَثِيرًۭا لَّعَلَّكُمْ تُفْلِحُونَ. ﴿10﴾ |
| 11 (ਹੇ ਨਬੀ!) ਜਦੋਂ ਉਹ ਕੋਈ ਵਪਾਰ ਜਾਂ ਕੋਈ ਖੇਡ-ਤਮਾਸ਼ਾ ਹੁੰਦਾ ਵੇਖਦੇ ਹਨ ਤਾਂ ਉਸ ਵੱਲ ਨੱਸ ਜਾਂਦੇ ਹਨ ਅਤੇ ਤੁਹਾਨੂੰ ਇਕੱਲਾ ਖਲੋਤਿਆਂ ਛੱਡ ਜਾਂਦੇ ਹਨ, ਤੁਸੀਂ ਆਖ ਦਿਓ ਕਿ ਜੋ ਕੁੱਝ ਵੀ ਅੱਲਾਹ ਕੋਲ ਹੈ ਉਹ ਇਹਨਾਂ ਖੇਡ-ਤਮਾਸ਼ਿਆਂ ਤੋਂ ਅਤੇ ਵਪਾਰ ਤੋਂ ਕਿਤੇ ਵਧੀਆ ਹੈ ਅਤੇ ਅੱਲਾਹ ਸਾਰਿਆਂ ਤੋਂ ਵਧੀਆ ਰੋਜ਼ੀ ਦੇਣ ਵਾਲਾ ਹੈ। | وَإِذَا رَأَوْا۟ تِجَٰرَةً أَوْ لَهْوًا ٱنفَضُّوٓا۟ إِلَيْهَا وَتَرَكُوكَ قَآئِمًۭا ۚ قُلْ مَا عِندَ ٱللَّهِ خَيْرٌۭ مِّنَ ٱللَّهْوِ وَمِنَ ٱلتِّجَٰرَةِ ۚ وَٱللَّهُ خَيْرُ ٱلرَّٰزِقِينَ. ﴿11﴾ |