ਹਾ, ਮੀਮ।
അദ്ദുഖാൻ الدخان Ad-Dukhan
സൂറത്ത് അദ്ദുഖാൻ (Ad-Dukhan), ഖുർആൻ അധ്യായം 44 — അറബി ആയത്തുകളും ਪੰਜਾਬੀ വിവർത്തനവും ഉൾപ്പെടെ 59 ആയത്തുകൾ വായിക്കുക. Read Surah Ad-Dukhan with Arabic text and ਪੰਜਾਬੀ translation.
ਸਪਸ਼ਟ (ਰੌਸ਼ਨ) ਕਿਤਾਬ, .ਕੁਰਆਨ ਦੀ ਸੁੰਹ।
ਅਸਾਂ ਇਸ (.ਕੁਰਆਨ) ਨੂੰ ਇਕ ਬਰਕਤਾਂ ਵਾਲੀ ਰਾਤ ਵਿਚ ਉਤਾਰਿਆ ਹੈ। ਬੇਸ਼ਕ ਅਸੀਂ (ਇਸ .ਕੁਰਆਨ ਰਾਹੀਂ ਅਜ਼ਾਬ ਤੋਂ) ਡਰਾਉਣ ਵਾਲੇ ਹਾਂ।
ਇਸੇ (ਭਾਗਾਂ ਵਾਲੀ ਰਾਤ ਨੂੰ ਸਾਡੇ ਵੱਲੋਂ) ਹਰੇਕ ਮਾਮਲੇ ਦਾ ਯੁਕਤੀ ਭਰਿਆ ਫ਼ੈਸਲਾ ਕੀਤਾ ਜਾਂਦਾ ਹੈ।
ਵਿਸ਼ੇਸ਼ ਸਾਡੇ ਹੁਕਮ ਅਨੁਸਾਰ (ਹਰੇਕ ਫ਼ੈਸਲਾ ਹੁੰਦਾ ਹੈ) ਬੇਸ਼ੱਕ ਅਸੀਂ ਹੀ (ਰਸੂਲ) ਭੇਜਣ ਵਾਲੇ ਹਾਂ।
ਇਹ ਤੁਹਾਡੇ ਰੱਬ ਦੀ ਵਿਸ਼ੇਸ਼ ਕ੍ਰਿਪਾ ਹੈ। ਨਿਰਸੰਦੇਹ, ਉਹੀਓ ਸਭ ਕੁੱਝ ਸੁਣਨ ਵਾਲਾ ਤੇ ਜਾਣਨ ਵਾਲਾ ਹੈ।
ਉਹ ਜਿਹੜਾ ਅਕਾਸ਼ਾਂ ਤੇ ਧਰਤੀ ਦਾ ਮਾਲਿਕ ਹੈ ਅਤੇ ਉਹਨਾਂ ਦਾ ਵੀ ਜਿਹੜਾ ਇਹਨਾਂ ਦੋਵਾਂ ਦੇ ਵਿਚਾਲੇ ਹੈ। ਜੇ ਤੁਸੀਂ ਵਿਸ਼ਵਾਸ ਕਰਨ ਵਾਲੇ ਹੋ। (ਤਾਂ ਕਰ ਲਿਓ)।
ਕਿ ਛੁੱਟ ਉਸ (ਅੱਲਾਹ) ਤੋਂ ਕੋਈ ਵੀ ਸੱਚਾ ਇਸ਼ਟ ਨਹੀਂ, ਉਹੀਓ ਜੀਵਨ ਦਿੰਦਾ ਹੈ ਤੇ ਉਹੀਓ ਮੌਤ ਦਿੰਦਾ ਹੈ। ਉਹੀਓ ਤੁਹਾਡਾ ਤੇ ਤੁਹਾਡੇ ਪਿਓ ਦਾਦਿਆਂ ਦਾ ਰੱਬ ਹੈ।
ਪਰ ਕਾਫ਼ਿਰਾਂ ਨੂੰ ਵਿਸ਼ਵਾਸ ਨਹੀਂ, ਸਗੋਂ ਉਹ ਤਾਂ ਸ਼ੱਕ ਵਿਚ ਪਏ ਖੇਡ ਰਹੇ ਹਨ।
ਸੋ (ਹੇ ਨਬੀ!) ਤੁਸੀਂ ਉਸ ਦਿਹਾੜੇ ਦੀ ਉਡੀਕ ਕਰੋ ਜਦੋਂ ਅਕਾਸ਼ ਪ੍ਰਤਖ ਧੂੰਆਂ ਲੈ ਕੇ ਆਵੇਗਾ।
ਉਹ ਧੂੰਆਂ ਲੋਕਾਂ ਨੂੰ ਢੱਕ ਲਵੇਗਾ (ਫੇਰ ਆਖਿਆ ਜਾਵੇਗਾ ਕਿ) ਇਹ ਹੈ (ਇਨਕਾਰ ਕਰਨ ਦਾ) ਦੁਖਦਾਈ ਅਜ਼ਾਬ!।
ਕਾਫ਼ਿਰ ਆਖਣਗੇ ਕਿ ਹੇ ਸਾਡੇ ਰੱਬਾ! ਸਾਥੋਂ ਇਹ ਅਜ਼ਾਬ ਦੂਰ ਕਰ ਦੇ, ਬੇਸ਼ਕ ਅਸੀਂ ਹੁਣੇ ਈਮਾਨ ਲਿਆਉਂਦੇ ਹਾਂ।
ਹੁਣ ਭਲਾਂ ਇਹਨਾਂ ਨੂੰ ਨਸੀਹਤ ਕੀ ਕਰੇਗੀ ਜਦ ਕਿ ਇਹਨਾਂ ਕੋਲ ਤਾਂ ਹਿਦਾਇਤ ਬਿਆਨ ਕਰਨ ਵਾਲਾ ਰਸੂਲ ਆ ਗਿਆ ਹੈ।
ਪਰ ਉਹਨਾਂ (ਮੱਕੇ ਦੇ ਵਸਨੀਕਾਂ) ਨੇ ਉਸ (ਰਸੂਲ) ਤੋਂ ਮੂੰਹ ਫੇਰ ਲਿਆ ਅਤੇ ਕੁੱਝ ਨੇ ਇਹ ਵੀ ਕਿਹਾ ਕਿ ਇਹ ਤਾਂ ਸਿਖਾਇਆ ਪੜ੍ਹਾਇਆ ਹੈ ਅਤੇ ਕੁੱਝ ਨੇ ਸੁਦਾਈ ਆਖਿਆ।
ਅਸਾਂ ਥੋੜ੍ਹੀ ਦੇਰ ਲਈ ਇਹਨਾਂ ਤੋਂ ਅਜ਼ਾਬ ਦੂਰ ਕਰਨ ਵਾਲੇ ਹਾਂ, ਬੇਸ਼ੱਕ ਤੁਸੀਂ ਲੋਕ ਮੁੜ ਉਹੀਓ (ਇਨਕਾਰ) ਕਰਨ ਵਾਲੇ ਹੋ।
ਜਿਸ ਦਿਨ ਅਸੀਂ ਕਰੜਾਈ ਨਾਲ ਫੜਾਂਗੇ। ਬੇਸ਼ੱਕ (ਉਸ ਦਿਨ) ਅਸੀਂ ਪੂਰਾ-ਪੂਰਾ ਬਦਲਾ ਲੈਣ ਵਾਲੇ ਹਾਂ।
ਅਸੀਂ ਇਹਨਾਂ (ਕਾਫ਼ਿਰਾਂ) ਤੋਂ ਪਹਿਲਾਂ ਫ਼ਿਰਔਨ ਦੀ ਕੌਮ ਨੂੰ ਪਰਖਿਆ ਅਤੇ ਉਹਨਾਂ ਕੋਲ ਇਕ ਪਤਵੰਤਾ ਰਸੂਲ ਆਇਆ ਸੀ।
ਉਸ (ਰਸੂਲ) ਨੇ ਫ਼ਿਰਔਨ ਨੂੰ ਆਖਿਆ ਕਿ ਅੱਲਾਹ ਦੇ ਬੰਦਿਆਂ ਭਾਵ (ਬਨੀ-ਇਸਰਾਈਲ) ਨੂੰ ਮੇਰੇ ਹਵਾਲੇ ਕਰਦੇ। ਇਹ ਵੀ ਕਿਹਾ ਕਿ ਬੇਸ਼ਕ ਮੈਂ ਤੁਹਾਡੇ ਲਈ ਇਕ ਅਮਾਨਤਦਾਰ ਪੈਗ਼ੰਬਰ ਹਾਂ।
ਤੁਸੀਂ ਅੱਲਾਹ ਦੇ ਅੱਗੇ ਸਰਕਸ਼ੀ ਨਾ ਕਰੋ, ਨਿਰਸੰਦੇਹ, ਮੈਂ ਤੁਹਾਡੇ ਸਾਹਮਣੇ (ਰਸੂਲ ਹੋਣ ਦੀਆਂ) ਸਪਸ਼ਟ ਦਲੀਲਾਂ ਪੇਸ਼ ਕਰਦਾ ਹਾਂ।
ਮੈਂਨੇ ਆਪਣੇ ਰੱਬ ਤੇ ਤੁਹਾਡੇ ਰੱਬ ਦੀ ਸ਼ਰਨ ਇਸ ਲਈ ਲਈ ਹੈ ਕਿ ਕਿਤੇ ਤੁਸੀਂ ਮੈਨੂੰ ਪੱਥਰਾਂ ਨਾਲ ਹੀ ਨਾ ਮਾਰ ਦਿਓ।
ਜੇ ਤੁਸੀਂ ਮੇਰੀ ਗੱਲ ’ਤੇ ਵਿਸ਼ਵਾਸ ਨਹੀਂ ਕਰਦੇ ਤਾਂ ਮੈਥੋਂ ਅੱਡ ਹੋ ਜਾਓ।
ਫੇਰ ਉਸ (ਮੂਸਾ) ਨੇ ਆਪਣੇ ਰੱਬ ਨੂੰ ਬੇਨਤੀ ਕੀਤੀ ਕਿ ਇਹ ਲੋਕ ਤਾਂ ਅਪਰਾਧੀ ਹਨ।
(ਰੱਬ ਵੱਲੋਂ ਹੁਕਮ ਹੋਇਆ ਕਿ) ਮੇਰੇ ਬੰਦਿਆਂ ਨੂੰ ਰਾਤ ਦੇ ਸਮੇਂ ਲੈ ਕੇ ਤੁਰ ਜਾ, ਬੇਸ਼ੱਕ ਤੁਹਾਡਾ ਪਿੱਛਾ ਕੀਤਾ ਜਾਵੇਗਾ।
ਅਤੇ ਤੂੰ ਸਮੁੰਦਰ ਨੂੰ ਉਸ ਦੇ ਹਾਲ ’ਤੇ ਛੱਡ ਕੇ ਪਾਰ ਹੋ ਜਾ। ਬੇਸ਼ੱਕ ਇਹ (ਸਾਰਾ ਫ਼ਿਰਔਨੀ) ਲਸ਼ਕਰ ਡੁੱਬ ਜਾਵੇਗਾ।
ਉਹ (ਫ਼ਿਰਔਨੀ) ਆਪਣੇ ਪਿੱਛੇ ਕਿੰਨੇ ਹੀ ਬਾਗ਼ ਤੇ ਚਸ਼ਮੇ ਛੱਡ ਗਏ।
ਖੇਤੀਆਂ ਤੇ ਸ਼ਾਨਦਾਰ ਮਹਿਲ (ਵੀ ਛੱਡ ਤੁਰੇ)।
ਕਿੰਨੀ ਹੀ ਸੁਖ-ਸਮੱਗਰੀ ਸੀ ਜਿਸ ਵਿਚ ਉਹ ਮੌਜਾਂ ਮਾਰਦੇ ਪਏ ਸਨ।
ਉਹਨਾਂ ਦਾ ਅੰਤ ਇਸ ਤਰ੍ਹਾਂ ਹੋਇਆ ਕਿ ਅਸੀਂ ਇਕ ਦੂਜੀ ਕੌਮ ਨੂੰ ਉਹਨਾਂ ਦੀਆਂ ਸਾਰੀਆਂ ਚੀਜ਼ਾਂ ਦਾ ਵਾਰਸ ਬਣਾ ਦਿੱਤਾ।
ਫੇਰ ਨਾ ਅਕਾਸ਼ ਤੇ ਨਾ ਹੀ ਧਰਤੀ ਉਹਨਾਂ ਉੱਤੇ ਰੋਈ ਅਤੇ ਨਾ ਹੀ ਉਹਨਾਂ ਨੂੰ ਮੋਹਲਤ ਦਿੱਤੀ ਗਈ।
ਇਸ ਤਰ੍ਹਾਂ ਅਸੀਂ ਬਨੀ-ਇਸਰਾਈਲ ਨੂੰ ਹੀਣਤਾ ਭਰੇ ਅਜ਼ਾਬ ਤੋਂ ਛੁਟਕਾਰਾ ਦਿੱਤਾ।
ਭਾਵ ਫ਼ਿਰਔਨ ਤੋਂ ਬਚਾਇਆ। ਬੇਸ਼ੱਕ ਉਹ ਵੱਡਾ ਹੀ ਸਰਕਸ਼ ਤੇ ਹੱਦਾਂ ਟੱਪਣ ਵਾਲਿਆਂ ਵਿੱਚੋਂ ਸੀ।
ਬੇਸ਼ੱਕ ਅਸੀਂ ਬਨੀ-ਇਸਰਾਈਲ ਨੂੰ ਆਪਣੇ ਗਿਆਨ ਅਨੁਸਾਰ ਕੁਲ ਜਹਾਨ ਦੀਆਂ ਕੌਮਾਂ ਉੱਤੇ ਪਹਿਲ ਦਿੱਤੀ।
ਅਸੀਂ ਉਹਨਾਂ ਨੂੰ ਅਜਿਹੀਆਂ ਨਿਸ਼ਾਨੀਆਂ ਦਿੱਤੀਆਂ ਸਨ ਜਿਨ੍ਹਾਂ ਵਿਚ ਖੁੱਲ੍ਹੀ ਅਜ਼ਮਾਇਸ਼ ਸੀ।
ਅਤੇ ਇਹ (ਮੱਕੇ ਦੇ ਕਾਫ਼ਿਰ) ਲੋਕ ਵੱਡੇ ਜ਼ੋਰਾਂ ਨਾਲ ਆਖਦੇ ਹਨ।
ਕਿ ਅਸੀਂ ਮਰਨਾ ਤਾਂ ਇਕ ਵਾਰ ਹੀ ਹੈ ਅਤੇ ਸਾਨੂੰ ਮੁੜ ਉਠਾਇਆ ਨਹੀਂ ਜਾਵੇਗਾ।
ਜੇ ਤੁਸੀਂ ਸੱਚੇ ਹੋ ਤਾਂ ਸਾਡੇ ਪਿਓ ਦਾਦਿਆਂ ਨੂੰ (ਜਿਊਂਦਾ ਕਰਕੇ) ਲੈ ਆਓ।
ਕੀ ਇਹ (ਇਨਕਾਰੀ, ਸ਼ਕਤੀ ਪੱਖੋਂ) ਚੰਗੇਰੇ ਹਨ ਜਾਂ ਤੁੱਬਾ ਦੀ ਕੌਮ, ਜਾਂ ਉਹ ਲੋਕ ਜਿਹੜੇ ਇਹਨਾਂ ਤੋਂ ਪਹਿਲਾਂ ਬੀਤ ਚੁੱਕੇ ਹਨ, ਅਸੀਂ ਉਹਨਾਂ ਸਭ ਨੂੰ ਹਲਾਕ ਕਰ ਦਿੱਤਾ। ਉਹ ਸਾਰੇ ਅਪਰਾਧੀ ਸਨ।
ਅਸੀਂ ਅਕਾਸ਼ਾਂ ਤੇ ਧਰਤੀ ਨੂੰ ਅਤੇ ਜੋ ਕੁੱਝ ਵੀ ਇਹਨਾਂ ਦੇ ਵਿਚਾਲੇ ਹੈ ਉਹਨਾਂ ਨੂੰ, ਖੇਡ-ਖੇਡ ਵਿਚ ਨਹੀਂ ਬਣਾਇਆ।
ਅਸਾਂ ਇਹਨਾਂ ਦੋਵਾਂ (ਧਰਤੀ ਤੇ ਅਕਾਸ਼) ਨੂੰ ਹੱਕ ਸੱਚ ਦੇ ਅਧਾਰ ’ਤੇ ਪੈਦਾ ਕੀਤਾ ਹੈ। ਪਰ ਇਹਨਾਂ (ਇਨਕਾਰੀਆਂ) ਵਿੱਚੋਂ ਬਹੁਤੇ ਲੋਕ ਇਹ ਗੱਲ ਨਹੀਂ ਸਮਝਦੇ।
ਬੇਸ਼ੱਕ ਫ਼ੈਸਲੇ ਦਾ ਦਿਨ (ਭਾਵ ਕਿਆਮਤ) ਉਹਨਾਂ ਸਭ ਦੇ (ਮੁੜ ਜਿਊਂਦੇ ਕਰਨ) ਲਈ ਨਿਸ਼ਚਿਤ ਸਮਾਂ ਹੈ।
ਉਸ ਦਿਹਾੜੇ ਕੋਈ ਮਿੱਤਰ ਕਿਸੇ ਮਿੱਤਰ ਦੇ ਕੁੱਝ ਵੀ ਕੰਮ ਨਹੀਂ ਆਵੇਗਾ ਅਤੇ ਨਾ ਹੀ ਉਹਨਾਂ ਦੀ ਸਹਾਇਤਾ ਕੀਤੀ ਜਾਵੇਗੀ।
ਛੁੱਟ ਇਸ ਤੋਂ ਅੱਲਾਹ ਹੀ ਜਿਸ ਉੱਤੇ ਮਿਹਰਬਾਨ ਹੋ ਜਾਵੇ (ਉਸ ਦੀ ਮਦਦ ਕੀਤੀ ਜਾਵੇਗੀ)। ਬੇਸ਼ੱਕ ਉਹ ਅਤਿਅੰਤ ਜ਼ੋਰਾਵਰ ਤੇ ਮਿਹਰਾਂ ਕਰਨ ਵਾਲਾ ਹੈ।
ਬੇਸ਼ੱਕ ਥੋਹਰ ਦਾ ਰੁਖ,
ਪਾਪੀਆਂ ਦਾ ਭੋਜਨ ਹੈ।
ਪਿਘਲੇ ਹੋਏ ਤਾਂਬੇ ਵਾਂਗ ਉਹ ਢਿੱਡ ਵਿਚ ਉੱਬਲੇਗਾ।
ਜਿਵੇਂ ਤੇਜ਼ ਗਰਮ ਪਾਣੀ ਉਬਾਲੀਆਂ ਖਾਂਦਾ ਹੈ।
(ਹੁਕਮ ਹੋਵੇਗਾ ਕਿ) ਇਸ ਅਪਰਾਧੀ ਨੂੰ ਫੜੋ ਤੇ ਘਸੀਟਦੇ ਹੋਏ ਨਰਕ ਵਿਚ ਲੈ ਜਾਓ।
ਫੇਰ ਉਸ ਦੇ ਸਿਰ ਉੱਤੇ ਉੱਬਲਦਾ ਹੋਇਆ ਪਾਣੀ ਡੋਲ ਦਿਓ।
ਫੇਰ ਆਖਿਆ ਜਾਵੇਗਾ ਕਿ ਲੈ ਵੇਖ ਸੁਆਦ, ਤੂੰ ਤਾਂ ਵੱਡਾ ਪਤਵੰਤਾ ਆਗੂ ਬਣੀ ਫਿਰਦਾ ਸੀ।
ਬੇਸ਼ੱਕ ਇਹ ਉਹ ਅਜ਼ਾਬ ਹੈ ਜਿਸ ਵਿਚ ਤੂੰ ਸ਼ੱਕ ਕਰਦਾ ਸੀ।
ਬੇਸ਼ੱਕ ਮੁੱਤਕੀਨ (ਰੱਬ ਦਾ ਡਰ-ਭੌ ਮੰਣਨ ਵਾਲੇ) ਅਮਨ-ਸ਼ਾਂਤੀ ਵਾਲੀ ਥਾਂ ਵਿਖੇ ਹੋਣਗੇ।
ਭਾਵ ਉਹ ਬਾਗ਼ਾਂ ਤੇ ਚਸ਼ਮਿਆਂ ਵਿਚ ਹੋਣਗੇ।
ਉਹ ਬਰੀਕ ਤੇ ਮੋਟੇ ਰੇਸ਼ਮ ਦੇ ਲਿਬਾਸ ਪਹਿਣੀ ਆਹਮੋ-ਸਾਹਮਣੇ ਬੈਠੇ ਹੋਣਗੇ।
ਅਤੇ (ਜੰਨਤ ਵਿਚ) ਇਸ ਤਰ੍ਹਾਂ ਹੋਵੇਗਾ ਕਿ ਅਸੀਂ ਵੱਡੀ-ਵੱਡੀ ਅੱਖਾਂ ਵਾਲੀਆਂ ਹੂਰਾਂ ਨੂੰ ਉਹਨਾਂ ਦੀਆਂ ਪਤਨੀਆਂ ਬਣਾ ਦਿਆਂਗੇ।
ਉੱਥੇ ਉਹ ਨਿਸਚਿੰਤ ਹੋਕੇ ਹਰ ਤਰ੍ਹਾਂ ਦੇ ਫਲਾਂ ਦੀ ਮੰਗ ਕਰਨਗੇ।
ਉੱਥੇ (ਜੰਨਤ) ਵਿਚ ਉਹ ਮੌਤ ਦਾ ਸੁਆਦ ਕਦੇ ਨਹੀਂ ਵੇਖਣਗੇ, ਛੁੱਟ ਪਹਿਲੀ (ਸੰਸਾਰ ਦੀ) ਮੌਤ ਤੋਂ ਅਤੇ ਅੱਲਾਹ ਉਹਨਾਂ ਨੂੰ ਨਰਕ ਦੇ ਅਜ਼ਾਬ ਤੋਂ ਬਚਾ ਲਵੇਗਾ।
(ਹੇ ਨਬੀ!) ਤੁਹਾਡੇ ਰੱਬ ਦਾ ਫ਼ਜ਼ਲ ਹੈ, (ਨਰਕ ਤੋਂ ਬਚਣਾ ਹੀ) ਸਭ ਤੋਂ ਵੱਡੀ ਕਾਮਯਾਬੀ ਹੈ।
(ਹੇ ਨਬੀ!) ਅਸਾਂ ਤਾਂ ਇਸ .ਕੁਰਆਨ ਨੂੰ ਤੁਹਾਡੀ ਭਾਸ਼ਾ (ਅਰਬੀ) ਵਿਚ ਸੁਖਾਲਾ ਬਣਾ ਛੱਡਿਆ ਹੈ ਤਾਂ ਜੋ ਉਹ ਲੋਕ ਨਸੀਹਤ ਪ੍ਰਾਪਤ ਕਰ ਸਕਣ।
ਹੁਣ ਤੁਸੀਂ ਵੀ ਉਡੀਕ ਕਰੋ, ਬੇਸ਼ੱਕ ਉਹ (ਇਨਕਾਰੀ ਵੀ ਕਿਆਮਤ ਦੀ) ਉਡੀਕ ਕਰ ਰਹੇ ਹਨ।